ਅਹਿਮਦਾਬਾਦ: ਗੁਜਰਾਤ ਦੀ ਮੈਜਿਸਟ੍ਰੇਟ ਦੀ ਅਦਾਲਤ ਨੇ ਅੱਜ ਨਸ਼ਿਆਂ ਦੀ ਤਸਕਰੀ ਦੇ ਮਾਮਲੇ ਸਬੰਧੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 14 ਦਿਨਾਂ ਦੀ ਪੁਲੀਸ ਹਿਰਾਸਤ ‘ਚ ਭੇਜ ਦਿੱਤਾ ਹੈ। ਉਸ ਨੂੰ ਸੂਬੇ ਦੀ ਏਟੀਐਸ ਵੱਲੋਂ ਟਰਾਂਜਿਟ ਰਿਮਾਂਡ ‘ਤੇ ਕੱਛ ਲਿਆਂਦਾ ਗਿਆ ਹੈ। ਇਸ ਤੋਂ ਪਹਿਲਾਂ ਦਿੱਲੀ ਦੀ ਅਦਾਲਤ ਨੇ ਸੋਮਵਾਰ ਨੂੰ ਤਿਹਾੜ ਜੇਲ੍ਹ ਵਿੱਚੋਂ ਗੁਜਰਾਤ ਦੇ ਅਤਿਵਾਦ ਵਿਰੋਧੀ ਦਸਤੇ ਨੂੰ ਬਿਸ਼ਨੋਈ ਦੇ ਟਰਾਂਜ਼ਿਟ ਰਿਮਾਂਡ ਦੀ ਮਨਜ਼ੂਰੀ ਦੇ ਦਿੱਤੀ ਸੀ। ਏਟੀਐਸ ਪਿਛਲੇ ਸਾਲ ਸਤੰਬਰ ਵਿੱਚ ਗੁਜਰਾਤ ਤੱਟ ਦੇ ਨੇੜੇ ਅਰਬ ਸਾਗਰ ਵਿੱਚ ਪਾਕਿਸਤਾਨੀ ਕਿਸ਼ਤੀ ਤੋਂ 200 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੀ 40 ਕਿਲੋ ਹੈਰੋਇਨ ਜ਼ਬਤ ਕਰਨ ਸਬੰਧੀ ਗੈਂਗਸਟਰ ਤੋਂ ਉਸ ਦੇ ਸਬੰਧਾਂ ਬਾਰੇ ਪੁੱਛ-ਪੜਤਾਲ ਕਰਨਾ ਚਾਹੁੰਦੀ ਹੈ। ਏਟੀਐਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ,’ਸਾਨੂੰ ਬਿਸ਼ਨੋਈ ਦੀ ਹਿਰਾਸਤ ਮਿਲ ਗਈ ਅਤੇ ਉਸ ਨੂੰ ਕੱਛ ਜ਼ਿਲ੍ਹੇ ਦੀ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਿਰਮਾਂਡ ਹਾਸਲ ਕੀਤਾ ਗਿਆ।’ -ਪੀਟੀਆਈ
ਬਿਸ਼ਨੋਈ ਗਰੋਹ ਦੇ ਮੁੱਖ ਸ਼ੂਟਰ ਨੂੰ ਪੁੱਛਗਿਛ ਮਗਰੋਂ ਜੇਲ੍ਹ ਭੇਜਿਆ
ਚੰਡੀਗੜ੍ਹ (ਟਨਸ): ਸਥਾਨਕ ਪੁਲੀਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਮੁਹਾਲੀ ਵਿੱਚ ਇੰਟੈਲੀਜੈਂਸ ਦਫ਼ਤਰ ‘ਤੇ ਹੋਏ ਆਰਪੀਜੀ ਹਮਲੇ ‘ਚ ਸ਼ਾਮਲ ਲਾਰੈਂਸ ਬਿਸ਼ਨੋਈ ਗੈਂਗ ਦੇ ਮੁੱਖ ਸ਼ੂਟਰ ਦੀਪਕ ਰੰਗਾ ਨੂੰ ਪੰਜ ਦਿਨਾਂ ਦੇ ਪੁਲੀਸ ਰਿਮਾਂਡ ਤੋਂ ਬਾਅਦ ਅੱਜ ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤ ‘ਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਉਸ ਨੂੰ ਚੰਡੀਗੜ੍ਹ ਦੀ ਬੁੜ੍ਹੈਲ ਜੇਲ੍ਹ ‘ਚ ਰੱਖਿਆ ਗਿਆ ਹੈ।