ਮਾਲਾਬ੍ਰਿਗੋ, 27 ਅਪਰੈਲ
ਦੱਖਣੀ ਚੀਨ ਸਾਗਰ ਵਿੱਚ ਉਸ ਸਮੇਂ ਤਣਾਅ ਦਾ ਮਾਹੌਲ ਬਣ ਗਿਆ ਜਦੋਂ ਇੱਕ ਚੀਨੀ ਤੱਟ ਰੱਖਿਅਕ ਸਮੁੰਦਰੀ ਜਹਾਜ਼ ਨੇ ਵਿਵਾਦਿਤ ਇਲਾਕੇ ਫਿਲਪੀਨਜ਼ ਦੇ ਇੱਕ ਗਸ਼ਤੀ ਜਹਾਜ਼ ਨੂੰ ਰੋਕ ਦਿੱਤਾ। ਇਸ ਦੌਰਾਨ ਦੋਵੇਂ ਬੇੜਿਆਂ ਵਿਚਕਾਰ ਟੱਕਰ ਹੋਣੋਂ ਵਾਲ ਵਾਲ ਬਚ ਗਈ। ਇਸ ਘਟਨਾ ਨਾਲ ਟਕਰਾਅ ਦੀ ਸਥਿਤੀ ਬਣ ਗਈ ਸੀ। ਇਹ ਘਟਨਾ ਐਤਵਾਰ ਨੂੰ ਚੀਨ ਦੇ ਵੱਡੇ ਬੇੜੇ ਅਤੇ ਫਿਲਪੀਨਜ਼ ਦੇ ਸਾਹਿਲੀ ਰੱਖਿਅਕਾਂ ਦੇ ਬੀਆਰਪੀ ਮਾਲਾਪਾਸਕੁਆ ਵਿਚਕਾਰ ਵਾਪਰੀ। ਫਿਲਪੀਨਜ਼ ਨੇ ਚੀਨ ਦੇ ਦੱਖਣੀ ਚੀਨ ਸਾਗਰ ‘ਚ ਵਧਦੇ ਹਮਲਾਵਰ ਰੁਖ ਦਾ ਪਰਦਾਫਾਸ਼ ਕਰਨ ਲਈ ਪੱਤਰਕਾਰਾਂ ਦੇ ਇੱਕ ਛੋਟੇ ਗਰੁੱਪ ਨੂੰ 1,670 ਕਿਲੋਮੀਟਰ ਗਸ਼ਤ ਵਾਲੇ ਜਹਾਜ਼ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਪੱਤਰਕਾਰ ਇਸ ਸਾਰੇ ਘਟਨਾਕ੍ਰਮ ਨੂੰ ਖਾਮੋਸ਼ੀ ਨਾਲ ਦੇਖਦੇ ਰਹੇ। ਫਿਲਪੀਨਜ਼ ਦਾ ਗਸ਼ਤੀ ਜਹਾਜ਼ ਜਦੋਂ ਚੀਨ ਦੇ ਕਬਜ਼ੇ ਵਾਲੇ ਖੇਤਰ ਵਿੱਚ ਪੁੱਜਾ ਤਾਂ ਉਸ ਰੇਡੀਓ ‘ਤੇ ਅੰਗਰੇਜ਼ੀ ਅਤੇ ਚਾਇਨੀਜ਼ ‘ਚ ਚਿਤਾਵਨੀਆਂ ਮਿਲੀਆਂ ਕਿ ਉਹ ਫੌਰੀ ਪਿੱਛੇ ਹਟ ਜਾਣ।
ਚੀਨੀ ਤੱਟ ਰੱਖਿਅਕਾਂ ਅਤੇ ਜਲ ਸੈਨਾ ਦੇ ਰੇਡੀਓ ਕਾਲਰਾਂ ਨੇ ਦਾਅਵਾ ਕੀਤਾ ਕਿ ਫਿਲਪੀਨਜ਼ ਦਾ ਜਹਾਜ਼ ਪੇਈਚਿੰਗ ਦੇ ਨਿਰਵਿਵਾਦ ਖੇਤਰ ‘ਚ ਆ ਗਿਆ ਹੈ ਅਤੇ ਇਲਾਕਾ ਤੁਰੰਤ ਛੱਡਣ ਲਈ ਧਮਕੀਆਂ ਦਿੱਤੀਆਂ। ਇਸ ਦੌਰਾਨ ਇੱਕ ਚੀਨੀ ਤੱਟ ਰੱਖਿਅਕ ਕਾਲਰ ਤੈਸ਼ ਵਿੱਚ ਆ ਗਿਆ ਅਤੇ ਉਸ ਨੇ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ। ਮਾਲਾਪਾਸਕੂਆ ਦੇ ਕਪਤਾਨ ਕੈਪਟਨ ਰੋਡੇਲ ਹਰਨਾਂਡੇਜ਼ ਨੇ ਕਿਹਾ ਕਿ ਚੀਨੀ ਜਹਾਜ਼ ਅਚਾਨਕ ਐਨ ਨੇੜੇ ਆ ਗਿਆ ਸੀ। ਟੱਕਰ ਤੋਂ ਬਚਣ ਲਈ ਹਰਨਾਂਡੇਜ਼ ਨੇ ਆਪਣੇ ਬੇੜੇ ਦੀ ਦਿਸ਼ਾ ਅਚਾਨਕ ਬਦਲ ਦਿੱਤੀ ਅਤੇ ਫਿਰ ਬੇੜੇ ਨੂੰ ਪੂਰੀ ਤਰ੍ਹਾਂ ਰੋਕਣ ਲਈ ਉਸ ਦਾ ਇੰਜਣ ਬੰਦ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਚੀਨ ਲੰਬੇ ਸਮੇਂ ਤੋਂ ਮੰਗ ਕਰਦਾ ਆ ਰਿਹਾ ਹੈ ਕਿ ਫਿਲਪੀਨਜ਼ ਆਪਣੀ ਜਲ ਸੈਨਾ ਨੂੰ ਵਿਵਾਦਤ ਖੇਤਰ ‘ਚੋਂ ਪੂਰੀ ਤਰ੍ਹਾਂ ਹਟਾ ਲਏ। -ਏਪੀ