ਵਾਸ਼ਿੰਗਟਨ, 27 ਅਪਰੈਲ
ਪਦਮ ਭੂਸ਼ਣ ਐਵਾਰਡੀ ਤੇ ਭਾਰਤੀ-ਅਮਰੀਕੀ ਆਗੂ ਸਵਦੇਸ਼ ਚੈਟਰਜੀ ਨੇ ਕਿਹਾ ਕਿ ਅਮਰੀਕਾ ਰਹਿੰਦੇ ਭਾਰਤੀ-ਅਮਰੀਕੀ ਭਾਈਚਾਰੇ ਦੀ ਗਿਣਤੀ ਭਾਵੇਂ ਛੋਟੀ ਹੈ, ਪਰ ਉਹ ਅਮਰੀਕਾ ਦੀ ਵਿਦੇਸ਼ ਨੀਤੀ ਨੂੰ ਬਦਲਣ ਦੇ ਸਮਰੱਥ ਹਨ। ਚੈਟਰਜੀ, ਜਿਨ੍ਹਾਂ ਨੂੰ 2001 ਵਿੱਚ ਪਦਮ ਭੂਸ਼ਣ ਨਾਲ ਨਿਵਾਜਿਆ ਗਿਆ ਸੀ, ਦੀ ਭਾਰਤ-ਅਮਰੀਕਾ ਦੁਵੱਲੇ ਰਿਸ਼ਤਿਆਂ ਨੂੰ ਦਿਸ਼ਾ ਤੇ ਦਸ਼ਾ ਦੇਣ ਵਿੱਚ ਅਹਿਮ ਭੂਮਿਕਾ ਰਹੀ ਹੈ। ਚੈਟਰਜੀ ਨੇ ਕਿਹਾ ਕਿ ਦੋਵਾਂ ਮੁਲਕਾਂ ਕੋਲ ਸਾਫ਼ ਊਰਜਾ, ਆਲਮੀ ਸਿਹਤ ਤੇ ਨਵੀਆਂ ਕਾਢਾਂ ਸਣੇ ਹੋਰ ਕਈ ਅਹਿਮ ਖੇਤਰਾਂ ਵਿੱਚ ਅਸੀਮ ਮੌਕੇ ਹਨ। ਉੱਤਰੀ ਕੈਰੋਲੀਨਾ ਅਧਾਰਿਤ ਚੈਟਰਜੀ ਨੇ ਇਕ ਸਮਾਗਮ ਦੌਰਾਨ ਕਿਹਾ, ”ਭਾਰਤੀ ਅਮਰੀਕੀ ਭਾਈਚਾਰਾ ਅੱਜ, ਭਾਵੇਂ ਗਿਣਤੀ ਪੱਖੋਂ ਛੋਟਾ ਹੈ, ਪਰ ਇਹ ਅਮਰੀਕਾ ਤੇ ਭਾਰਤ ਦੀ ਵਿਦੇਸ਼ ਨੀਤੀ ਨੂੰ ਬਦਲਣ ਦੀ ਸਿਆਸੀ ਤਾਕਤ ਰੱਖਦਾ ਹੈ। ਭਾਰਤੀ ਅਮਰੀਕੀ ਭਾਈਚਾਰੇ ਨੂੰ ਆਪਣੇ ਉੱਤੇ ਮਾਣ ਹੋਣਾ ਚਾਹੀਦਾ ਹੈ।” ਪ੍ਰਮਾਣੂ ਟੈਸਟ ਕਰਨ ਮਗਰੋਂ ਭਾਰਤ ‘ਤੇ ਲੱਗੀਆਂ ਪਾਬੰਦੀਆਂ ਹਟਾਉਣ ਸਣੇ ਤੇ ਅਮਰੀਕੀ ਸੰਸਦ ਤੋਂ ਗੈਰਫੌਜੀ ਪ੍ਰਮਾਣੂ ਕਰਾਰ ਪਾਸ ਕਰਵਾਉਣ ਵਿੱਚ ਚੈਟਰਜੀ ਦੀ ਅਹਿਮ ਭੂਮਿਕਾ ਸੀ। -ਪੀਟੀਆਈ