12.4 C
Alba Iulia
Thursday, May 9, 2024

‘ਸੜਕਾਂ ’ਤੇ ਆ ਕੇ ਦੇਸ਼ ਦਾ ਅਕਸ ਖਰਾਬ ਕਰ ਰਹੇ ਨੇ ਪਹਿਲਵਾਨ’

Must Read


ਨਵੀਂ ਦਿੱਲੀ, 27 ਅਪਰੈਲ

ਮੁੱਖ ਅੰਸ਼

  • ਬ੍ਰਿਜਭੂਸ਼ਨ ਨੇ ਲੜਾਈ ਲੜਨ ਦੇ ਦਿੱਤੇ ਸੰਕੇਤ

ਪ੍ਰਦਰਸ਼ਨਕਾਰੀ ਪਹਿਲਵਾਨਾਂ ‘ਤੇ ਵਰ੍ਹਦਿਆਂ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੀ ਪ੍ਰਧਾਨ ਪੀਟੀ ਊਸ਼ਾ ਨੇ ਅੱਜ ਕਿਹਾ ਕਿ ਸੜਕਾਂ ‘ਤੇ ਪ੍ਰਦਰਸ਼ਨ ਕਰਨਾ ਅਨੁਸ਼ਾਸਨਹੀਣਤਾ ਹੈ ਅਤੇ ਇਸ ਨਾਲ ਦੇਸ਼ ਦਾ ਅਕਸ ਖਰਾਬ ਹੋ ਰਿਹਾ ਹੈ। ਦੂਜੇ ਪਾਸੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜਭੂਸ਼ਨ ਸ਼ਰਨ ਸਿੰਘ ਨੇ ਸੰਕੇਤ ਦਿੱਤੇ ਕਿ ਉਹ ਖੁਦ ਨੂੰ ਬੇਗੁਨਾਹ ਸਾਬਤ ਕਰਨ ਲਈ ਆਪਣੇ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡਣਗੇ। ਜ਼ਿਕਰਯੋਗ ਹੈ ਕਿ ਸਟਾਰ ਪਹਿਲਵਾਨ ਵਿਨੇਸ਼ ਫੋਗਾਟ, ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਸਮੇਤ ਕਈ ਪਹਿਲਵਾਨ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਜੰਤਰ-ਮੰਤਰ ‘ਤੇ ਧਰਨੇ ‘ਤੇ ਬੈਠੇ ਹਨ।

ਆਈਓਏ ਦੀ ਪ੍ਰਧਾਨ ਪੀਟੀ ਊਸ਼ਾ ਨੇ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ‘ਪਹਿਲਵਾਨਾਂ ਦਾ ਸੜਕ ‘ਤੇ ਰੋਸ ਮੁਜ਼ਾਹਰਾ ਕਰਨਾ ਅਨੁਸ਼ਾਸਨਹੀਣਤਾ ਹੈ। ਇਸ ਨਾਲ ਭਾਰਤ ਦਾ ਅਕਸ ਖਰਾਬ ਹੋ ਰਿਹਾ ਹੈ।’ ਉਨ੍ਹਾਂ ਕਿਹਾ, ‘ਜਿਨਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਨੂੰ ਲੈ ਕੇ ਅਸੀਂ ਉਨ੍ਹਾਂ ਦੀਆਂ ਭਾਵਨਾਵਾਂ ਸਮਝਦੇ ਹਾਂ। ਆਈਓਏ ਦੀ ਇੱਕ ਕਮੇਟੀ ਅਤੇ ਖਿਡਾਰੀ ਕਮਿਸ਼ਨ ਹੈ। ਸੜਕਾਂ ‘ਤੇ ਉੱਤਰਨ ਦੀ ਥਾਂ ਉਨ੍ਹਾਂ ਨੂੰ ਸਾਡੇ ਕੋਲ ਆਉਣਾ ਚਾਹੀਦਾ ਸੀ ਪਰ ਉਨ੍ਹਾਂ ‘ਚੋਂ ਕੋਈ ਵੀ ਆਈਓਏ ਕੋਲ ਨਹੀਂ ਆਇਆ।’ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਆਈਓਏ ਪਹਿਲਵਾਨਾਂ ਨਾਲ ਸੰਪਰਕ ਕਰੇਗਾ ਕਿਉਂਕਿ ਉਹ ਇਸ ਗੱਲ ‘ਤੇ ਅੜੇ ਹੋਏ ਹਨ ਕਿ ਜਦੋਂ ਤੱਕ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੁੰਦੀ ਉਹ ਧਰਨੇ ਵਾਲੀ ਥਾਂ ਤੋਂ ਨਹੀਂ ਉੱਠਣਗੇ। ਉਨ੍ਹਾਂ ਕਿਹਾ, ‘ਥੋੜਾ ਤਾਂ ਅਨੁਸ਼ਾਸਨ ਹੋਣਾ ਚਾਹੀਦਾ ਹੈ। ਸਾਡੇ ਕੋਲ ਆਉਣ ਦੀ ਥਾਂ ਉਹ ਸਿੱਧਾ ਸੜਕਾਂ ‘ਤੇ ਉੱਤਰ ਗਏ, ਇਹ ਖੇਡ ਲਈ ਚੰਗਾ ਨਹੀਂ ਹੈ।’ ਆਈਓਏ ਦੇ ਸੰਯੁਕਤ ਸਕੱਤਰ ਕਲਿਆਣ ਚੌਬੇ ਨੇ ਕਿਹਾ, ‘ਅਸੀਂ ਸਿਰਫ਼ ਪਹਿਲਵਾਨਾਂ ਨਾਲ ਹੀ ਨਹੀਂ ਬਲਕਿ ਉਨ੍ਹਾਂ ਸਾਰੇ ਖਿਡਾਰੀ ਨਾਲ ਰਹਿਣਾ ਚਾਹੁੰਦੇ ਹਾਂ ਜੋ ਭਾਰਤ ਦੀ ਨੁਮਾਇੰਦਗੀ ਕਰਦੇ ਹਨ ਪਰ ਅਸੀਂ ਦੇਸ਼ ਦੇ ਨਿਯਮਾਂ ਤੇ ਕਾਨੂੰਨ ਤਹਿਤ ਅਜਿਹਾ ਕਰਨਾ ਚਾਹੁੰਦੇ ਹਾਂ।’ ਕਮੇਟੀ ਦੀ ਜਾਂਚ ਬਾਰੇ ਉਨ੍ਹਾਂ ਕਿਹਾ ਕਿ ਅਜੇ ਜਾਂਚ ਚੱਲ ਰਹੀ ਹੈ ਤੇ ਕਈ ਗਵਾਹਾਂ ਨੇ ਕਮੇਟੀ ਸਾਹਮਣੇ ਹਾਜ਼ਰ ਹੋਣਾ ਹੈ। ਆਈਓਏ ਨੇ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ਹੋਣ ਤੱਕ ਇਸ ਦਾ ਕੰਮਕਾਰ ਚਲਾਉਣ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਜਿਸ ਵਿੱਚ ਸਾਬਕਾ ਨਿਸ਼ਾਨੇਬਾਜ਼ ਸੁਮਾ ਸ਼ਿਰੂਰ, ਭਾਰਤੀ ਵੁਸ਼ੂ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਬਾਜਵਾ ਅਤੇ ਹਾਈ ਕੋਰਟ ਦੇ ਸਾਬਕਾ ਜੱਜ (ਅਜੇ ਨਾਂ ਦਾ ਐਲਾਨ ਨਹੀਂ) ਸ਼ਾਮਲ ਹਨ। ਦੂਜੇ ਪਾਸੇ ਪਹਿਲਵਾਨਾਂ ਵੱਲੋਂ ਲਾਏ ਦੋਸ਼ਾਂ ਸਾਹਮਣਾ ਕਰ ਰਹੇ ਭਾਜਪਾ ਦੇ ਸੰਸਦ ਮੈਂਬਰ ਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜਭੂਸ਼ਨ ਸ਼ਰਨ ਸਿੰਘ ਨੇ ਅੱਜ ਸੰਕੇਤ ਦਿੱਤੇ ਕਿ ਉਹ ਖੁਦ ਨੂੰ ਬੇਗੁਨਾਹ ਸਾਬਤ ਕਰਨ ਲਈ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਣਗੇ।

ਭਾਜਪਾ ਦੇ ਸੰਸਦ ਮੈਂਬਰ ਨੇ ਵੀਡੀਓ ਸੰਦੇਸ਼ ‘ਚ ਆਪਣੇ ‘ਤੇ ਲੱਗੇ ਦੋਸ਼ਾਂ ਦਾ ਜ਼ਿਕਰ ਕੀਤੇ ਬਿਨਾਂ ਸੰਕੇਤ ਦਿੱਤਾ ਕਿ ਜਦੋਂ ਤੱਕ ਉਨ੍ਹਾਂ ਕੋਲ ਲੜਨ ਦੀ ਤਾਕਤ ਹੈ ਉਦੋਂ ਤੱਕ ਉਹ ਹਾਰ ਨਹੀਂ ਮੰਨਣਗੇ। -ਪੀਟੀਆਈ

ਪਹਿਲਵਾਨਾਂ ਨੂੰ ਧਮਕਾਉਣ ਦੀ ਗੱਲ ਸਾਬਤ ਹੋਣ ‘ਤੇ ਫਾਹੇ ਲੱਗਣ ਨੂੰ ਤਿਆਰ: ਬਿਸ਼ਨੋਈ

ਨਵੀਂ ਦਿੱਲੀ: ਜਿਨਸੀ ਸ਼ੋਸ਼ਣ ਦਾ ਦੋਸ਼ ਲਾਉਣ ਵਾਲੇ ਪਹਿਲਵਾਨਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜਭੂਸ਼ਨ ਸ਼ਰਨ ਸਿੰਘ ਵੱਲੋਂ ਧਮਕਾਏ ਜਾਣ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕੋਚ ਮਹਾਵੀਰ ਪ੍ਰਸਾਦ ਬਿਸ਼ਨੋਈ ਨੇ ਅੱਜ ਕਿਹਾ ਕਿ ਜੇਕਰ ਉਹ ਦੋਸ਼ੀ ਸਾਬਤ ਹੁੰਦੇ ਹਨ ਤਾਂ ਉਹ ਫਾਂਸੀ ‘ਤੇ ਚੜ੍ਹਨ ਲਈ ਤਿਆਰ ਹਨ। ਬਿਸ਼ਨੋਈ ਨੇ ਕਿਹਾ, ‘ਤੁਸੀਂ ਪਿਛਲੇ ਕੁਝ ਦਿਨਾਂ ਦੇ ਮੇਰੇ ਫੋਨ ਰਿਕਾਰਡ ਅਤੇ ਮੇਰੀ ਮੌਜੂਦਗੀ ਵਾਲੀਆਂ ਥਾਵਾਂ ਦੀ ਜਾਂਚ ਕਰ ਸਕਦੇ ਹੋ। ਇਨ੍ਹਾਂ ਦੋਸ਼ਾਂ ‘ਚ ਕੋਈ ਸੱਚਾਈ ਨਹੀਂ ਹੈ। ਮੈਂ ਤਾਂ ਇਹ ਵੀ ਨਹੀਂ ਜਾਣਦਾ ਕਿ ਪੀੜਤ ਕੌਣ ਹਨ। ਜੇਕਰ ਇਹ ਸਾਬਤ ਹੋ ਜਾਂਦਾ ਹੈ ਕਿ ਮੈਂ ਧਮਕੀਆਂ ਭਰੇ ਫੋਨ ਕਰਨ ਵਿੱਚ ਸ਼ਾਮਲ ਸੀ ਤਾਂ ਮੈਂ ਫਾਂਸੀ ‘ਤੇ ਚੜ੍ਹਨ ਲਈ ਤਿਆਰ ਹਾਂ।’ -ਪੀਟੀਆਈ

ਕੌਮੀ ਮਹਿਲਾ ਕਮਿਸ਼ਨ ਵੱਲੋਂ ਦਿੱਲੀ ਪੁਲੀਸ ਤੋਂ ਰਿਪੋਰਟ ਤਲਬ

ਸ੍ਰੀਨਗਰ: ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਅੱਜ ਕਿਹਾ ਕਿ ਉਨ੍ਹਾਂ ਮਹਿਲਾ ਪਹਿਲਵਾਨਾਂ ਵੱਲੋਂ ਕਥਿਤ ਜਿਨਸੀ ਸ਼ੋਸ਼ਣ ਕੀਤੇ ਜਾਣ ਦੀ ਸ਼ਿਕਾਇਤ ਮਗਰੋਂ ਦਿੱਲੀ ਦੇ ਪੁਲੀਸ ਕਮਿਸ਼ਨਰ ਤੋਂ ਕਾਰਵਾਈ ਰਿਪੋਰਟ ਮੰਗੀ ਹੈ। ਰੇਖਾ ਸ਼ਰਮਾ ਨੇ ਇੱਥੇ ਇੱਕ ਵਰਕਸ਼ਾਪ ਦੌਰਾਨ ਕਿਹਾ, ‘ਅਸੀਂ ਮੀਡੀਆ ਨਾਲ ਗੱਲ ਨਹੀਂ ਕਰ ਰਹੇ, ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕੁਝ ਨਹੀਂ ਕਰ ਰਹੇ। ਅਸੀਂ ਦਿੱਲੀ ਪੁਲੀਸ ਕਮਿਸ਼ਨ ਨੂੰ ਲਿਖਿਆ ਹੈ ਅਤੇ ਉਨ੍ਹਾਂ ਨੂੰ ਕਾਰਵਾਈ ਰਿਪੋਰਟ ਸੌਂਪਣ ਲਈ ਕਿਹਾ ਹੈ। ਅਸੀਂ ਉਨ੍ਹਾਂ ਨੂੰ ਇਹ ਵੀ ਪੁੱਛਿਆ ਹੈ ਕਿ ਉਨ੍ਹਾਂ ਐੱਫਆਈਆਰ ਦਰਜ ਕਿਉਂ ਨਹੀਂ ਕੀਤੀ।’ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧ ‘ਚ ਸ਼ਿਕਾਇਤ ਮਿਲੀ ਹੈ ਅਤੇ ਉਸ ‘ਤੇ ਕਾਰਵਾਈ ਕੀਤੀ ਗਈ ਹੈ। -ਪੀਟੀਆਈ

ਪੀਟੀ ਊਸ਼ਾ ਤੋਂ ਅਜਿਹੀ ਆਸ ਨਹੀਂ ਸੀ: ਬਜਰੰਗ ਪੂਨੀਆ

ਨਵੀਂ ਦਿੱਲੀ: ਟੋਕੀਓ ਓਲੰਪਿਕਸ ‘ਚ ਕਾਂਸੀ ਦਾ ਤਗਮਾ ਜੇਤੂ ਬਜਰੰਗ ਪੂਨੀਆ ਨੇ ਕਿਹਾ ਕਿ ਆਈਓਏ ਦੇ ਪ੍ਰਧਾਨ ਦਾ ਬਿਆਨ ਹੈਰਾਨ ਕਰਨ ਵਾਲਾ ਹੈ। ਉਨ੍ਹਾਂ ਕਿਹਾ, ‘ਉਹ (ਪੀਟੀ ਊਸ਼ਾ) ਖੁਦ ਅਥਲੀਟ ਹਨ ਤੇ ਇੱਕ ਔਰਤ ਵੀ ਹਨ। ਸਾਨੂੰ ਉਨ੍ਹਾਂ ਤੋਂ ਅਜਿਹੀ ਪ੍ਰਤੀਕਿਰਿਆ ਦੀ ਆਸ ਨਹੀਂ ਸੀ। ਸਾਨੂੰ ਹਮਾਇਤ ਦੀ ਆਸ ਸੀ।’ ਉਨ੍ਹਾਂ ਕਿਹਾ, ‘ਜੇਕਰ ਆਈਓਏ ਨੂੰ ਲੱਗਦਾ ਹੈ ਕਿ ਪਹਿਲਵਾਨਾਂ ਵੱਲੋਂ ਇਨਸਾਫ ਦੀ ਮੰਗ ਕੀਤੇ ਜਾਣ ਨਾਲ ਦੇਸ਼ ਦਾ ਅਕਸ ਖਰਾਬ ਹੋ ਰਿਹਾ ਹੈ ਤਾਂ ਉਦੋਂ ਕੀ ਸੀ ਜਦੋਂ ਉਹ (ਊਸ਼ਾ) ਆਪਣੀ ਅਕੈਡਮੀ ‘ਚ ਕੁਝ ਗੁੰਡਿਆਂ ਵੱਲੋਂ ਪ੍ਰੇਸ਼ਾਨ ਕੀਤੇ ਜਾਣ ਮਗਰੋਂ ਆਪਣੀ ਹਾਲਤ ਬਿਆਨਦੇ ਹੋਏ ਰੋ ਪਏ ਸੀ। ਉਦੋਂ ਕੀ ਹੋਇਆ ਸੀ।’ -ਪੀਟੀਆਈ

ਖੇਡ ਤੇ ਖਿਡਾਰੀ ਸਾਡੇ ਲਈ ਤਰਜੀਹ: ਅਨੁਰਾਗ ਠਾਕੁਰ

ਨਵੀਂ ਦਿੱਲੀ: ਨੌਜਵਾਨ ਤੇ ਖੇਡ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਲਈ ਖੇਡ ਤੇ ਖਿਡਾਰੀ ਹਮੇਸ਼ ਤਰਜੀਹ ਰਹੇ ਹਨ ਅਤੇ ਉਨ੍ਹਾਂ ਨਾ ਕਦੀ ਖਿਡਾਰੀਆਂ ਦੀ ਸਹੂਲਤ ਨਾਲ ਸਮਝੌਤਾ ਕੀਤਾ ਹੈ ਤੇ ਨਾ ਕਦੀ ਕਰਨਗੇ। ਠਾਕੁਰ ਨੇ ਕਿਹਾ ਕਿ ਉਨ੍ਹਾਂ ਨਿਗਰਾਨੀ ਕਮੇਟੀ ਦੇ ਗਠਨ ਤੋਂ ਪਹਿਲਾਂ ਵਿਰੋਧ ਕਰ ਰਹੇ ਪਹਿਲਵਾਨਾਂ ਨਾਲ ਗੱਲ ਕੀਤੀ ਸੀ ਅਤੇ ਉਨ੍ਹਾਂ ਦੀ ਮੰਗ ਅਨੁਸਾਰ ਬਬਿਤਾ ਫੋਗਾਟ ਨੂੰ ਕਮੇਟੀ ‘ਚ ਥਾਂ ਦਿੱਤੀ ਸੀ। ਉਨ੍ਹਾਂ ਕਿਹਾ, ‘ਸਰਕਾਰ ਬਹੁਤ ਸਪੱਸ਼ਟ ਹੈ। ਖਿਡਾਰੀਆਂ ਨੂੰ ਸਹੂਲਤਾਂ ਦਿੱਤੀਆਂ ਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਦਾ ਕੰਮ ਕੀਤਾ। ਸਾਡੇ ਲਈ ਖੇਡ ਤੇ ਖਿਡਾਰੀ ਪਹਿਲੀ ਤਰਜੀਹ ਹਨ। ਉਨ੍ਹਾਂ ਲਈ ਅਸੀਂ ਕਿਤੇ ਕੋਈ ਸਮਝੌਤਾ ਨਹੀਂ ਕਰਦੇ।’ -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -