ਨਵੀਂ ਦਿੱਲੀ: ਦਿੱਲੀ ਦੀ ਇਕ ਅਦਾਲਤ ਨੇ ਅੱਜ ਤ੍ਰਿਣਮੂਲ ਕਾਂਗਰਸ ਦੇ ਆਗੂ ਅਨੂਬ੍ਰਤਾ ਮੰਡਲ ਦੀ ਧੀ ਸੁਕੰਨਿਆ ਨੂੰ ਭਾਰਤ-ਬੰਗਲਾਦੇਸ਼ ਦੀ ਸਰਹੱਦ ‘ਤੇ ਪਸ਼ੂਆਂ ਦੀ ਕਥਿਤ ਤਸਕਰੀ ਨਾਲ ਸਬੰਧਤ ਇਕ ਮਨੀ ਲਾਂਡਰਿੰਗ ਦੇ ਕੇਸ ਸਬੰਧੀ ਤਿੰਨ ਦਿਨਾਂ ਲਈ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ‘ਚ ਇਕ ਪ੍ਰਾਇਮਰੀ ਸਕੂਲ ਅਧਿਆਪਕ ਸੁਕੰਨਿਆ ਮੰਡਲ ਨੂੰ ਈਡੀ ਨੇ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਅੱਜ ਉਸ ਨੂੰ ਵਿਸ਼ੇਸ਼ ਜੱਜ ਰਘੁਬੀਰ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜੱਜ ਨੇ ਉਸ ਨੂੰ 30 ਅਪਰੈਲ ਤੱਕ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ ਵਿੱਚ ਭੇਜ ਦਿੱਤਾ। ਉਸ ਦਾ ਪਿਤਾ ਪਹਿਲਾਂ ਹੀ ਇਸ ਮਾਮਲੇ ਵਿੱਚ ਨਿਆਂਇਕ ਹਿਰਾਸਤ ‘ਚ ਹੈ। ਸੁਣਵਾਈ ਦੌਰਾਨ ਸਰਕਾਰੀ ਵਕੀਲ ਨਿਤੇਸ਼ ਰਾਣਾ ਨੇ ਕਿਹਾ ਕਿ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਸੁਕੰਨਿਆ ਦੀ ਹਿਰਾਸਤ ਦੀ ਲੋੜ ਹੈ। -ਪੀਟੀਆਈ