ਨਵੀਂ ਦਿੱਲੀ, 27 ਅਪਰੈਲ
ਕਾਂਗਰਸ ਨੇ ‘ਖੁ਼ਦਕੁਸ਼ੀ ਨੋਟ’ ਨੂੰ ਲੈ ਕੇ ਕੀਤੇ ਮਖੌਲ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੰਡਿਆ ਹੈ। ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਇਸ ਮਖੌਲ ਉੱਤੇ ਖੁੱਲ੍ਹ ਕੇ ਹੱਸਣ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਮਾਨਸਿਕ ਸਿਹਤ ਨਾਲ ਜੁੜੇ ਮੁੱਦਿਆਂ ਦਾ ‘ਅਸੰਵੇਦਨਸ਼ੀਲ’ ਢੰਗ ਨਾਲ ‘ਮਖੌਲ’ ਉਡਾਉਣ ਦੀ ਥਾਂ ਆਪਣੇ ਆਪ ਨੂੰ ਬਿਹਤਰ ਸਿੱਖਿਅਤ ਕਰਨ। ਪ੍ਰਧਾਨ ਮੰਤਰੀ ਮੋਦੀ ਨੇ ਬੁੱਧਵਾਰ ਨੂੰ ਮੀਡੀਆ ਚੈਨਲ ਕਾਨਕਲੇਵ ਵਿੱਚ ਬੋਲਦਿਆਂ ਇਕ ਪ੍ਰੋਫੈਸਰ ਬਾਰੇ ਲਤੀਫ਼ਾ ਸੁਣਾਇਆ ਸੀ, ਜੋ ਆਪਣੀ ਧੀ ਵੱਲੋਂ ਲਿਖੇ ਖ਼ੁਦਕੁਸ਼ੀ ਨੋਟ ਨੂੰ ਪੜ੍ਹਦਿਆਂ ਕਹਿੰਦਾ ਹੈ ਕਿ ਉਸ ਵੱਲੋਂ ਇੰਨੇ ਸਾਲਾਂ ਤੋਂ ਕੀਤੇ ਯਤਨਾਂ ਦੇ ਬਾਵਜੂਦ ਉਹ (ਧੀ) ਪੱਤਰ ਵਿੱਚ ਸ਼ਬਦ-ਜੋੜ ਗ਼ਲਤ ਕਿਵੇਂ ਲਿਖ ਗਈ। ਪ੍ਰਧਾਨ ਮੰਤਰੀ ਨੇ ਇਹ ਮਜ਼ਾਕ ਉਡਾਉਂਦੇ ਹੋਏ ਇਹ ਟਿੱਪਣੀ ਵੀ ਕੀਤੀ ਕਿ ਚੈਨਲ ਦੇ ਮੁੱਖ ਸੰਪਾਦਕ ਨੇ ਹਿੰਦੀ ਵਿੱਚ ਚੰਗੀ ਤਰ੍ਹਾਂ ਬੋਲਣਾ ਸ਼ੁਰੂ ਕਰ ਦਿੱਤਾ ਹੈ।
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਟਵੀਟ ‘ਚ ਕਿਹਾ ਕਿ ਹਜ਼ਾਰਾਂ ਪਰਿਵਾਰ ਖ਼ੁਦਕੁਸ਼ੀ ਕਰਕੇ ਆਪਣੇ ਬੱਚੇ ਗੁਆ ਬੈਠਦੇ ਹਨ ਤੇ ‘ਪ੍ਰਧਾਨ ਮੰਤਰੀ ਨੂੰ ਇਨ੍ਹਾਂ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ।” ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ, ”ਉਦਾਸੀ ਤੇ ਖੁ਼ਦਕੁਸ਼ੀ, ਖਾਸ ਕਰਕੇ ਨੌਜਵਾਨਾਂ ਵਿੱਚ ਹੱਸਣ ਦਾ ਵਿਸ਼ਾ ਨਹੀਂ ਹੈ। ਇਹ ਤ੍ਰਾਸਦੀ ਹੈ ਮਜ਼ਾਕ ਨਹੀਂ।” -ਪੀਟੀਆਈ