ਨਵੀਂ ਦਿੱਲੀ, 28 ਅਪਰੈਲ
ਸੁਪਰੀਮ ਕੋਰਟ ਨੇ ਯੂਪੀ ਸਰਕਾਰ ਤੋਂ ਅੱਜ ਪੁੱਛਿਆ ਕਿ ਗੈਂਗਸਟਰ ਤੋਂ ਨੇਤਾ ਬਣੇ ਅਤੀਕ ਅਹਿਮਦ ਤੇ ਉਸ ਦੇ ਭਰਾ ਅਸ਼ਰਫ਼ ਨੂੰ ਪ੍ਰਯਾਗਰਾਜ ਵਿਚ ਪੁਲੀਸ ਹਿਰਾਸਤ ‘ਚ ਡਾਕਟਰੀ ਜਾਂਚ ਲਈ ਹਸਪਤਾਲ ਲਿਜਾਂਦੇ ਸਮੇਂ ਮੀਡੀਆ ਅੱਗੇ ਉਨ੍ਹਾਂ ਦੀ ਪਰੇਡ ਕਿਉਂ ਕਰਵਾਈ ਗਈ? ਅਹਿਮਦ ਤੇ ਉਸ ਦੇ ਭਰਾ ਅਸ਼ਰਫ਼ ਦੀ ਹੱਤਿਆ ਦੀ ਆਜ਼ਾਦਾਨਾ ਜਾਂਚ ਦੀ ਬੇਨਤੀ ਵਾਲੀ ਵਕੀਲ ਵਿਸ਼ਾਲ ਤਿਵਾੜੀ ਦੀ ਪਟੀਸ਼ਨ ਉਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਤੋਂ ਇਹ ਵੀ ਪੁੱਛਿਆ ਕਿ ਹੱਤਿਆਰਿਆਂ ਨੂੰ ਕਿਵੇ ਪਤਾ ਲੱਗਾ ਕਿ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ? ਅਦਾਲਤ ਨੇ ਯੂਪੀ ਸਰਕਾਰ ਨੂੰ ਘਟਨਾ ਤੋਂ ਬਾਅਦ ਚੁੱਕੇ ਗਏ ਕਦਮਾਂ ਬਾਰੇ ਰਿਪੋਰਟ ਸੌਂਪਣ ਦਾ ਹੁਕਮ ਦਿੱਤਾ ਹੈ। ਬੈਂਚ ਨੇ ਆਪਣੇ ਹੁਕਮ ਵਿਚ ਕਿਹਾ ਕਿ ਇਕ ਵਿਸਤਾਰਤ ਰਿਪੋਰਟ ਦਾਇਰ ਕੀਤੀ ਜਾਵੇ ਜਿਸ ਵਿਚ ਪ੍ਰਯਾਗਰਾਜ ਵਿਚ ਮੋਤੀਲਾਲ ਨਹਿਰੂ ਡਿਵੀਜ਼ਨਲ ਹਸਪਤਾਲ ਕੋਲ 15 ਅਪਰੈਲ ਨੂੰ ਹੋਈਆਂ ਹੱਤਿਆਵਾਂ ਦੀ ਜਾਂਚ ਲਈ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਹੋਵੇ। ਅਦਾਲਤ ਨੇ ਨਾਲ ਹੀ ਜਸਟਿਸ (ਸੇਵਾਮੁਕਤ) ਬੀਐੱਸ ਚੌਹਾਨ ਕਮਿਸ਼ਨ ਰਿਪੋਰਟ ਦਾ ਵੀ ਜ਼ਿਕਰ ਕੀਤਾ ਜਿਸ ਵੱਲੋਂ ਗੈਂਗਸਟਰ ਵਿਕਾਸ ਦੂਬੇ ਦੇ ਮੁਕਾਬਲੇ ਵਿਚ ਮਾਰੇ ਜਾਣ ਦੀ ਜਾਂਚ ਕੀਤੀ ਗਈ ਸੀ। ਅਦਾਲਤ ਨੇ ਇਸ ਤੋਂ ਬਾਅਦ ਚੁੱਕੇ ਗਏ ਕਦਮਾਂ ਬਾਰੇ ਵੀ ਜਾਣਕਾਰੀ ਮੰਗੀ ਹੈ। ਮਾਮਲੇ ਨੂੰ ਤਿੰਨ ਹਫ਼ਤਿਆਂ ਬਾਅਦ ਸੁਣਵਾਈ ਲਈ ਸੂਚੀਬੱਧ ਕੀਤਾ ਗਿਆ ਹੈ। ਜਸਟਿਸ ਐੱਸ. ਰਵਿੰਦਰ ਭੱਟ ਤੇ ਜਸਟਿਸ ਦੀਪਾਂਕਰ ਦੱਤਾ ਦੇ ਬੈਂਚ ਨੇ ਯੂਪੀ ਸਰਕਾਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਤੋਂ ਪੁੱਛਿਆ, ‘ਉਨ੍ਹਾਂ (ਹਤਿਆਰਿਆਂ) ਨੂੰ ਕਿਵੇਂ ਪਤਾ ਲੱਗਾ? ਅਸੀਂ ਟੀਵੀ ਉਤੇ ਦੇਖਿਆ ਹੈ। ਉਨ੍ਹਾਂ ਨੂੰ ਹਸਪਤਾਲ ਦੇ ਦਾਖਲਾ ਗੇਟ ਤੋਂ ਸਿੱਧੇ ਐਂਬੂਲੈਂਸ ਵਿਚ ਕਿਉਂ ਨਹੀਂ ਲਿਜਾਇਆ ਗਿਆ? ਉਨ੍ਹਾਂ ਦੀ ਪਰੇਡ ਕਿਉਂ ਕਰਵਾਈ ਗਈ?’ ਰੋਹਤਗੀ ਨੇ ਬੈਂਚ ਨੂੰ ਦੱਸਿਆ ਕਿ ਰਾਜ ਸਰਕਾਰ ਘਟਨਾ ਦੀ ਜਾਂਚ ਕਰ ਰਹੀ ਹੈ ਤੇ ਉਨ੍ਹਾਂ ਇਸ ਲਈ ਤਿੰਨ ਮੈਂਬਰੀ ਕਮਿਸ਼ਨ ਦਾ ਗਠਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਯੂਪੀ ਪੁਲੀਸ ਦੀ ਇਕ ‘ਸਿਟ’ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਰੋਹਤਗੀ ਨੇ ਕਿਹਾ, ‘ਇਹ ਸ਼ਖ਼ਸ ਤੇ ਉਸ ਦਾ ਪੂਰਾ ਪਰਿਵਾਰ ਪਿਛਲੇ 30 ਸਾਲਾਂ ਤੋਂ ਘਿਨੌਣੇ ਮਾਮਲਿਆਂ ਵਿਚ ਫਸਿਆ ਰਿਹਾ ਹੈ। ਇਹ ਘਟਨਾ ਖਾਸ ਤੌਰ ‘ਤੇ ਭਿਆਨਕ ਹੈ। ਅਸੀਂ ਹਤਿਆਰਿਆਂ ਨੂੰ ਫੜ ਲਿਆ ਹੈ ਤੇ ਉਨ੍ਹਾਂ ਕਿਹਾ ਹੈ ਕਿ ਮਸ਼ਹੂਰ ਹੋਣ ਲਈ ਉਨ੍ਹਾਂ ਇਹ ਸਭ ਕੀਤਾ।’ ਰੋਹਤਗੀ ਨੇ ਅਦਾਲਤ ਵਿਚ ਕਿਹਾ ਕਿ ਸਾਰਿਆਂ ਨੇ ਹੱਤਿਆ ਨੂੰ ਟੀਵੀ ਉਤੇ ਦੇਖਿਆ। ਹਤਿਆਰੇ ਖ਼ੁਦ ਨੂੰ ਸਮਾਚਾਰ ਫੋਟੋਗ੍ਰਾਫ਼ਰ ਦੱਸ ਕੇ ਆਏ ਸਨ। ਉਨ੍ਹਾਂ ਕੋਲ ਕੈਮਰੇ ਤੇ ਪਾਸ ਸਨ ਜੋ ਬਾਅਦ ਵਿਚ ਨਕਲੀ ਪਾਏ ਗਏ। ਰੋਹਤਗੀ ਨੇ ਕਿਹਾ ਕਿ ਉੱਥੇ ਕਰੀਬ 50 ਜਣੇ ਸਨ ਤੇ ਇਸ ਤੋਂ ਵੱਧ ਲੋਕ ਬਾਹਰ ਵੀ ਸਨ। ਇਸ ਤਰੀਕੇ ਨਾਲ ਉਨ੍ਹਾਂ ਹੱਤਿਆ ਨੂੰ ਅੰਜਾਮ ਦਿੱਤਾ। ਯੂਪੀ ਪੁਲੀਸ ਨੇ ਹਾਲ ਹੀ ਵਿਚ ਕਿਹਾ ਸੀ ਕਿ ਉਨ੍ਹਾਂ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਾਲੀ ਸਰਕਾਰ ਦੇ ਕਾਰਜਕਾਲ ਵਿਚ ਪਿਛਲੇ ਛੇ ਸਾਲਾਂ ਵਿਚ ਮੁਕਾਬਲਿਆਂ ਵਿਚ 183 ਕਥਿਤ ਅਪਰਾਧੀਆਂ ਨੂੰ ਮਾਰ ਮੁਕਾਇਆ ਹੈ। -ਪੀਟੀਆਈ