ਮੁੰਬਈ: ਅਦਾਕਾਰ ਰਿਤਿਕ ਰੌਸ਼ਨ ਦਾ ਕਹਿਣਾ ਹੈ ਕਿ ਕਿਸੇ ਨਾਲ ਨੱਚਣ ਦੇ ਮਾਮਲੇ ਵਿੱਚ ਉਹ ਬਹੁਤ ਹੀ ਕੱਚਾ ਹੈ। ਰਿਤਿਕ ਨੇ ਕਿਹਾ, ‘ਇਕੱਲਿਆਂ ਨੱਚਣ ਵੇਲੇ ਮੈਂ ਬਹੁਤ ਹੀ ਅਰਾਮਦੇਹ ਸਥਿਤੀ ਵਿੱਚ ਹੁੰਦਾ ਹਾਂ, ਪਰ ਜਦੋਂ ਗੱਲ ਕਿਸੇ ਨਾਲ ਨੱਚਣ ਦੀ ਹੋਵੇ ਤਾਂ ਤੁਹਾਨੂੰ ਇੱਕ ਖ਼ਾਸ ਲੈਅ ਅਤੇ ਤਾਲ ਦਾ ਖ਼ਿਆਲ ਰੱਖਣਾ ਪੈਂਦਾ ਹੈ, ਜੋ ਆਪਣੇ ਆਪ ਵਿੱਚ ਬਹੁਤ ਹੀ ਖ਼ੂਬਸੂਰਤ ਚੀਜ਼ ਹੈ। ਮੈਂ ਕਦੇ ਵੀ ਇਹ ਲੈਅ ਤੇ ਤਾਲ ਨਹੀਂ ਬਣਾ ਸਕਿਆ। ਬੈਲੇ ਨਾਚ ਨੂੰ ਵੇਖ ਕੇ ਮੈਂ ਬਹੁਤ ਹੈਰਾਨ ਹੁੰਦਾ ਹਾਂ…ਇਸ ਨਾਚ ਦੀ ਬਾਰੀਕੀ, ਲੈਅਬੱਧਤਾ ਤੇ ਸੰਤੁਲਨ ਸਭ ਕੁਝ ਹੀ ਬਹੁਤ ਕਮਾਲ ਦੇ ਹਨ। ਫਿਲਮ ‘ਗੁਜ਼ਾਰਿਸ਼’ ਵੇਲੇ ਮੈਨੂੰ ਇਹ ਨਾਚ ਸਿੱਖਣ ਦਾ ਮੌਕਾ ਮਿਲਿਆ ਸੀ, ਜੋ ਮੇਰੇ ਲਈ ਇੱਕ ਵੱਖਰਾ ਤੇ ਆਨੰਦਮਈ ਤਜਰਬਾ ਸੀ। ਇਹ ਇਸ ਤਰ੍ਹਾਂ ਸੀ, ਜਿਵੇਂ ਮੈਂ ਇੱਕ ਗੇਂਦ ਫੜ ਕੇ ਘੁੰਮ ਰਿਹਾ ਹੋਵਾਂ। ਪਰ ਸ਼ੂਟਿੰਗ ਦੌਰਾਨ ਇਹ ਨਾਚ ਕਰਦਿਆਂ ਮੇਰੇ ਲਈ ਤਿੰਨ ਗੇੜੇ ਲਾਉਣਾ ਹੀ ਔਖਾ ਹੋ ਗਿਆ ਸੀ। ਅਸੀਂ ਦੋ ਘੰਟੇ ਇਸ ‘ਤੇ ਮੁਸ਼ੱਕਤ ਕੀਤੀ ਤੇ ਮਗਰੋਂ ਖਾਣਾ ਖਾ ਕੇ ਮੁੜ ਜੁਟ ਗਏ, ਪਰ ਕਿਸਮਤ ਨਾਲ ਉਦੋਂ ਮੇਰੀ ਪਹਿਲੀ ਹੀ ਕੋਸ਼ਿਸ਼ ਕਾਮਯਾਬ ਹੋ ਗਈ।’ ਅਦਾਕਾਰ ਨੇ ਦੱਸਿਆ ਕਿ ਫਿਲਮ ‘ਦਿ ਬੈਂਗ ਬੈਂਗ’ ਦੇ ਟਾਈਟਲ ਗੀਤ ਤੇ ‘ਵਾਰ’ ਦੇ ਗੀਤ ‘ਘੁੰਗਰੂ’ ਆਦਿ ‘ਤੇ ਕੀਤੇ ਨਾਚ ਦਾ ਉਸ ਨੇ ਬਹੁਤ ਆਨੰਦ ਮਾਣਿਆ ਹੈ। -ਆਈਏਐੱਨਐੱਸ