12.4 C
Alba Iulia
Sunday, May 5, 2024

ਬੋਲਾਂ ਦੀ ਮਿਠਾਸ

Must Read


ਰਘੁਵੀਰ ਸਿੰਘ ਕਲੋਆ

ਅੱਜ ਫਿਰ ਕਾਂ ਦੇ ਪੱਲੇ ਨਿਰਾਸਤਾ ਹੀ ਪਈ। ਨਿੰਮੋਝੂਣਾ ਹੋਇਆ ਉਹ ਮੁੜ ਆਪਣੇ ਟਿਕਾਣੇ, ਕਿੱਕਰ ਦੇ ਰੁੱਖ ਉੱਪਰ ਆਣ ਬੈਠਾ ਸੀ। ਪਰ ਇੱਥੇ ਬੈਠ ਵੀ ਉਹ ਬੜੇ ਤਰਸੇਵੇਂ ਨਾਲ ਦੂਰ ਦਿਸਦੇ ਉਸ ਅੰਬਾਂ ਦੇ ਬਾਗ਼ ਵੱਲ ਹੀ ਝਾਕੀ ਜਾ ਰਿਹਾ ਸੀ।

‘ਇਹ ਬਸ਼ੀਰੇ ਦਾ ਟੱਬਰ ਮੇਰਾ ਹੀ ਕਿਉਂ ਵੈਰੀ ਬਣਿਆ?’ ਉਹ ਮਨੋ-ਮਨੀ ਸੋਚ ਰਿਹਾ ਸੀ।

ਦੂਰ ਦਿਸਦਾ ਉਹ ਬਾਗ਼ ਆਪਣੇ ਛੱਲੀ, ਸੰਧੂਰੀ, ਸੌਂਫੀ ਆਦਿ ਵੱਖ-ਵੱਖ ਅੰਬਾਂ ਦੇ ਸੁਆਦ ਕਾਰਨ ਦੂਰ-ਦੂਰ ਤੱਕ ਪ੍ਰਸਿੱਧ ਸੀ। ਇਹ ਬਾਗ਼ ਭਾਨ ਸਿਹੁੰ ਹੋਰਾਂ ਦਾ ਸੀ ਜੋ ਹਰ ਸਾਲ ਬਸ਼ੀਰਾ ਠੇਕੇ ‘ਤੇ ਲੈਂਦਾ ਸੀ। ਫ਼ਲਾਂ ਦੀ ਰੁੱਤੇ ਬਸ਼ੀਰਾ ਅਤੇ ਉਸ ਦੇ ਦੋ ਜੁਆਨ ਪੁੱਤ ਸਾਰਾ ਦਿਨ ‘ਹੜਾਤ’ ‘ਹੜਾਤ’ ਕਰਦੇ ਕਿਸੇ ਕਾਂ-ਤੋਤੇ ਨੂੰ ਬਾਗ਼ ਦੇ ਨੇੜੇ ਨਾ ਫਟਕਣ ਦਿੰਦੇ। ਜਦੋਂ ਤੋਂ ਫ਼ਲ ਪੱਕਣੇ ਸ਼ੁਰੂ ਹੋਏ ਸਨ ਇਹ ਕਾਂ ਕਈ ਵਾਰ ਝਕਾਨੀ ਦੇ ਕੇ ਅੰਬਾਂ ਦਾ ਰਸੀਲਾ ਸੁਆਦ ਚੱਖਣ ਗਿਆ, ਪਰ ਹਰ ਵਾਰ ਉਸ ਨੂੰ ਖਾਲੀ ਹੱਥ ਮੁੜਨਾ ਪੈਂਦਾ।

ਅੱਜ ਜਦੋਂ ਕਾਂ ਨੇ ਬਾਗ਼ ਵਿੱਚ ਕੋਇਲ ਦੀ ਰਸੀਲੀ ਆਵਾਜ ਸੁਣੀ ਤਾਂ ਉਸ ਦਾ ਮਨ ਇੱਕ ਆਸ ਨਾਲ ਭਰ ਉੱਠਿਆ, ‘ਲੱਗਦੈ ਅੱਜ ਬਾਗ਼ ਵਿੱਚ ਹਾਲੇ ਕੋਈ ਵੀ ਨਹੀਂ ਆਇਆ।’

ਇਹ ਸੋਚ ਉਹ ਫ਼ਟਾਫਟ ਬਾਗ਼ ਵਿੱਚ ਜਾ ਪੁੱਜਾ। ਛੱਲੀ ਅੰਬ ‘ਤੇ ਬੈਠ ਕੇ ਹਾਲੇ ਕਾਂ-ਕਾਂ ਕਰਦਿਆਂ ਉਸ ਨੇ ਇੱਕ ਅੰਬ ਨੂੰ ਠੁੰਗਿਆ ਹੀ ਸੀ ਕਿ ਬਸ਼ੀਰੇ ਦੇ ਵੱਡੇ ਪੁੱਤ ਨੇ ਉਸ ਵੱਲ ਗੁਲੇਲ ਤਾਣ ਲਈ। ਇਹ ਤਾਂ ਕਾਂ ਦੀ ਕਿਸਮਤ ਚੰਗੀ ਸੀ ਕਿ ਨਿਸ਼ਾਨਾ ਖ਼ੁੰਝ ਗਿਆ ਤੇ ਉਸ ਦੀ ਜਾਨ ਬਚ ਗਈ। ਡਰਦਾ ਉਹ ਫ਼ੌਰਨ ਉੱਡ ਗਿਆ।

ਹੁਣ ਉਹ ਭਾਵੇਂ ਗੁਲੇਲ ਦੀ ਮਾਰ ਤੋਂ ਕਾਫ਼ੀ ਦੂਰ ਆ ਚੁੱਕਾ ਸੀ, ਪਰ ਉਸ ਦਾ ਨਿੱਕਾ ਜਿਹਾ ਦਿਲ ਹਾਲੇ ਵੀ ਜ਼ੋਰ-ਜ਼ੋਰ ਨਾਲ ਕੰਬ ਰਿਹਾ ਸੀ। ਉਹ ਹਾਲੇ ਆਪਣੇ ਇਨ੍ਹਾਂ ਖ਼ਿਆਲਾਂ ‘ਚ ਡੁੱਬਿਆ ਹੋਇਆ ਸੀ ਕਿ ਘੁੱਗੀਆਂ ਦਾ ਜੋੜਾ ਉਸ ਦੇ ਨੇੜੇ ਆਣ ਬੈਠਾ। ਉਸ ਵੇਲੇ ਕੋਇਲ ਦੀ ਆਵਾਜ਼ ਦੁਬਾਰਾ ਅੰਬਾਂ ਦੇ ਬਾਗ਼ ਵਿੱਚੋਂ ਆਉਣ ਲੱਗੀ। ਇਹ ਸੁਣ ਕਾਂ ਦਾ ਮਨ ਵਿਲਕ ਉੱਠਿਆ। ਆਪਣੇ ਮਨ ਦੀ ਤੜਫ਼ਣ ਘੁੱਗੀਆਂ ਨਾਲ ਸਾਂਝੀ ਕਰਦਿਆਂ ਉਹ ਆਖਣ ਲੱਗਾ, ”ਆਹ ਕੋਇਲ ਵੀ ਤਾਂ ਮੇਰੇ ਵਰਗੀ ਐ, ਇਸ ਨੂੰ ਬਸ਼ੀਰੇ ਦਾ ਟੱਬਰ ਕੁਝ ਨਹੀਂ ਕਹਿੰਦਾ ਤੇ ਮੇਰੇ ਮਗਰ ਐਵੇਂ ਹੱਥ ਧੋ ਕੇ ਪਿਆ ਰਹਿੰਦੈ।”

”ਕਿਉਂ ਕੀ ਗੱਲ ਹੋ ਗਈ ਭਰਾਵਾ?” ਘੁੱਗੀਆਂ ਨੇ ਹੈਰਾਨੀ ਨਾਲ ਪੁੱਛਿਆ ਤਾਂ ਕਾਂ ਆਪਣੇ ਮਨ ਦਾ ਗੁਬਾਰ ਕੱਢਣ ਲੱਗਾ, ”ਇਹ ਕੋਇਲ ਸਾਰਾ ਦਿਨ ਅੰਬਾਂ ਦੇ ਬਾਗ਼ ‘ਚ ਰਹਿੰਦੀ ਐ, ਇਹ ਵੀ ਤਾਂ ਅੰਬ ਟੁੱਕਦੀ ਹੀ ਹੋਊ। ਮੈਂ ਜ਼ਰਾ ਕੁ ਉੱਧਰੋਂ ਲੰਘ ਵੀ ਜਾਵਾਂ ਤਾਂ ਮੇਰੇ ਮਗਰ ਗੁਲੇਲ ਲੈ ਕੇ ਪੈ ਜਾਂਦੇ ਨੇ, ਦੱਸੋ ਭਲਾ ਮੇਰੇ ਨਾਲ ਇਹ ਵਿਤਕਰਾ ਕਿਉਂ?”

ਉਸ ਦੀ ਇਹ ਗੱਲ ਸੁਣ ਘੁੱਗੀਆਂ ਵੀ ਸੋਚਾਂ ਵਿੱਚ ਪੈ ਗਈਆਂ। ਕੁਝ ਚਿਰ ਆਪਣੇ ਮਨ ਨਾਲ ਸੋਚ ਵਿਚਾਰ ਕਰਨ ਉਪਰੰਤ ਨਰ ਘੁੱਗੀ ਨੇ ਕਾਂ ਨੂੰ ਕਿਹਾ, ”ਕਾਂ ਭਰਾਵਾ! ਜੇ ਗੁੱਸਾ ਨਾ ਕਰੇ ਤਾਂ ਅਸਲ ਗੱਲਾਂ ਦੱਸਾਂ?”

”ਹਾਂ-ਹਾਂ।” ਉਤਸੁਕ ਹੋਏ ਕਾਂ ਨੇ ਫ਼ੌਰੀ ਕਿਹਾ।

ਸ਼ਾਂਤਚਿੱਤ ਹੋ ਘੁੱਗੀ ਨੇ ਕਾਂ ਨੂੰ ਗੱਲ ਸਮਝਾਈ, ”ਇਹ ਸਭ ਬੋਲਾਂ ਦੀ ਮਿਠਾਸ ਦਾ ਸਿੱਟਾ ਹੈ। ਕੋਇਲ ਦੇ ਮਿੱਠੇ ਬੋਲ ਉਸ ਵੱਲੋਂ ਕੀਤੇ ਨੁਕਸਾਨ ਨੂੰ ਵੀ ਢਕ ਲੈਂਦੇ ਨੇ ਤੇ ਤੇਰੇ ਕੁਰੱਖ਼ਤ ਬੋਲ ਤੈਨੂੰ ਬਿਨਾਂ ਕਸੂਰ ਤੋਂ ਵੀ ਦੋਸ਼ੀ ਬਣਾ ਦਿੰਦੇ ਨੇ।”

ਨਰ ਘੁੱਗੀ ਤੋਂ ਗੂੜ੍ਹ-ਗਿਆਨ ਦੀ ਇਹ ਗੱਲ ਸੁਣ ਕੇ ਕਾਂ ਡੂੰਘੀ ਸੋਚ ‘ਚ ਡੁੱਬ ਗਿਆ।

ਬੋਲਾਂ ਦੀ ਮਿਠਾਸ ਕਿੰਨੀ ਲਾਭਕਾਰੀ ਹੁੰਦੀ ਹੈ, ਇਹ ਗੱਲ ਉਸ ਨੂੰ ਸ਼ਾਇਦ ਅੱਜ ਹੀ ਪਤਾ ਲੱਗੀ ਸੀ।

ਸੰਪਰਕ: 98550-24494



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -