ਨਵੀਂ ਦਿੱਲੀ, 7 ਮਈ
ਭਾਰਤ ਦੇ ਅਥਲੀਟ ਪ੍ਰਵੀਨ ਚਿਤਰਾਵਲ ਨੇ ਕਿਊਬਾ ਵਿੱਚ ਟ੍ਰਿਪਲ ਜੰਪ (ਤੀਹਰੀ ਛਾਲ) ਵਿੱਚ ਕੌਮੀ ਰਿਕਾਰਡ ਨੂੰ ਮਾਤ ਦਿੰਦਿਆਂ ਨਵਾਂ ਰਿਕਾਰਡ ਸਿਰਜਿਆ ਹੈ ਜਦੋਂ ਕਿ ਅਮਰੀਕਾ ਵਿੱਚ ਕਰਵਾਏ ਗਏ ਟਰੈਕ ਈਵੈਂਟ ਵਿੱਚ ਅਵਿਨਾਸ਼ ਸਬਲੇ ਤੇ ਪਾਰੁਲ ਚੌਧਰੀ ਨੇ ਕ੍ਰਮਵਾਰ ਪੁਰਸ਼ਾਂ ਤੇ ਮਹਿਲਾਵਾਂ ਦੇ 5,000 ਮੀਟਰ ਦੇ ਕੌਮੀ ਰਿਕਾਰਡ ਬਣਾਏ ਹਨ। ਵੇਰਵਿਆਂ ਅਨੁਸਾਰ ਚਿਤਰਾਵਲ ਨੇ ਕਿਊਬਾ ਦੇ ਹਵਾਨਾ ਸ਼ਹਿਰ ਵਿੱਚ ਕਰਵਾਏ ਗਏ ਈਵੈਂਟ ਦੌਰਾਨ 17.37 ਮੀਟਰ ਲੰਬੀ ਛਾਲ ਮਾਰ ਕੇ ਮੁਕਾਬਲੇ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ। ਉਸ ਨੇ ਰਣਜੀਤ ਮਹੇਸ਼ਵਰੀ ਵੱਲੋਂ 2016 ਵਿੱਚ ਬਣਾਏ ਗਏ ਕੌਮੀ ਰਿਕਾਰਡ (17.30 ਮੀਟਰ) ਨੂੰ ਮਾਤ ਦਿੱਤੀ ਹੈ। ਇਸ ਤੋਂ ਪਹਿਲਾਂ ਚਿਤਰਾਵਲ ਨੇ ਚੇਨੱਈ ਵਿੱਚ ਬੀਤੇ ਵਰ੍ਹੇ 17.18 ਮੀਟਰ ਲੰਬੀ ਛਾਲ ਮਾਰ ਕੇ ਕੌਮੀ ਇੰਟਰ ਸਟੇਟ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ ਜਿੱਤਿਆ ਸੀ। ਪ੍ਰਵੀਨ ਚਿਤਰਾਵਲ ਮੌਜੂਦਾ ਸਮੇਂ ਕਿਊਬਾ ਵਿੱਚ ਸਿਖਲਾਈ ਲੈ ਰਿਹਾ ਹੈ। -ਪੀਟੀਆਈ