ਹੈਦਰਾਬਾਦ, 13 ਮਈ
ਇਥੇ ਖੇਡੇ ਗਏ ਆਈਪੀਐੱਲ ਮੈਚ ਦੌਰਾਨ ਅੱਜ ਲਖਨਊ ਸੁਪਰ ਜਾਇੰਟਸ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਸੱਤ ਵਿਕਟਾਂ ਨਾਲ ਮਾਤ ਦਿੱਤੀ। ਹੈਦਰਾਬਾਦ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਛੇ ਵਿਕਟਾਂ ਦੇ ਨੁਕਸਾਨ ‘ਤੇ 182 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਲਖਨਊ ਸੁਪਰ ਜਾਇੰਟਸ ਨੇ 19.2 ਓਵਰਾਂ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਹਾਸਲ ਕਰ ਲਿਆ। ਲਖਨਊ ਟੀਮ ਲਈ ਪ੍ਰੇਰਕ ਮਾਂਕਡ ਨੇ 45 ਗੇਂਦਾਂ ਵਿੱਚ ਸਭ ਤੋਂ ਵਧ 64 ਦੌੜਾਂ ਬਣਾਈਆਂ ਤੇ ਨਾਬਾਦ ਰਿਹਾ। ਇਸੇ ਤਰ੍ਹਾਂ ਨਿਕੋਲਸ ਪੂਰਨ 13 ਗੇਂਦਾਂ ਵਿੱਚ 44 ਦੌੜਾਂ ਬਣਾਈਆਂ ਤੇ ਨਾਬਾਦ ਰਿਹਾ ਅਤੇ ਮਾਰਕਸ ਸਟੋਈਨਿਸ ਨੇ 25 ਗੇਂਦਾਂ ਵਿੱਚ 40 ਦੌੜਾਂ ਦਾ ਯੋਗਦਾਨ ਦਿੱਤਾ। ਇਸ ਜਿੱਤ ਨਾਲ ਲਖਨਊ ਦੀ ਟੀਮ 12 ਮੈਂਚਾਂ ਵਿੱਚ 13 ਅੰਕਾਂ ਨਾਲ ਚੌਥੇ ਸਥਾਨ ‘ਤੇ ਪਹੁੰਚ ਗਈ ਹੈ। ਹੈਦਰਾਬਾਦ ਦੀ ਟੀਮ 11 ਮੈਂਚਾਂ ਵਿੱਚ ਅੱਠ ਅੰਕ ਹੀ ਹਾਸਲ ਕਰ ਸਕੀ ਹੈ ਅਤੇ ਟੀਮ ਵਾਸਤੇ ਪਲੇਅ-ਆਫ ਵਿੱਚ ਥਾਂ ਬਣਾਉਣ ਲਈ ਰਾਹ ਔਖਾ ਹੋ ਗਿਆ ਹੈ। ਲਖਨਊ ਟੀਮ ਨੇ 54 ਦੌੜਾਂ ਵਿੱਚ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ ਤੇ ਇਸ ਤੋਂ ਬਾਅਦ ਮਾਂਕਡ ਤੇ ਸਟੋਈਨਿਸ ਨੇ ਤੀਸਰੇ ਵਿਕਟ ਲਈ 43 ਗੇਂਦਾਂ ਵਿੱਚ 73 ਦੌੜਾਂ ਦੀ ਸਾਂਝੇਦਾਰੀ ਕਰਦਿਆਂ ਟੀਮ ਦੀ ਵਾਪਸੀ ਕਰਵਾਈ। ਇਸ ਮਗਰੋਂ ਮਾਂਕਡ ਅਤੇ ਪੂਰਨ ਦੀ 23 ਗੇਂਦਾਂ ਵਿੱਚ 58 ਦੌੜਾਂ ਦੀ ਅਟੁੱਟ ਸਾਂਝੇਦਾਰੀ ਨੇ ਟੀਮ ਦੀ ਜਿੱਤ ‘ਤੇ ਮੋਹਰ ਲਗਾਈ। -ਪੀਟੀਆਈ