ਗੁਰਦੀਪ ਸਿੰਘ ਲਾਲੀ
ਸੰਗਰੂਰ, 15 ਮਈ
ਇਥੋਂ ਦੀ ਅਦਾਲਤ ਨੇ ਮਾਣਹਾਨੀ ਮਾਮਲੇ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰੁਜਨ ਖੜਗੇ ਨੂੰ ਸੰਮਨ ਜਾਰੀ ਕਰਕੇ 10 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ ਹੈ। ਇਹ ਸੰਮਨ ਹਿੰਦੂ ਸੁਰੱਖਿਆ ਪਰਿਸ਼ਦ ਬਜਰੰਗ ਦਲ ਹਿੰਦ ਦੇ ਬਾਨੀ ਹਿਤੇਸ਼ ਭਾਰਦਵਾਜ ਵੱਲੋਂ ਦਾਇਰ ਪਟੀਸ਼ਨ ‘ਤੇ ਜਾਰੀ ਕੀਤਾ ਗਿਆ ਹੈ। ਸਿਵਲ ਜੱਜ (ਸੀਨੀਅਰ ਡਵੀਜ਼ਨ) ਰਮਨਦੀਪ ਕੌਰ ਨੇ ਇਹ ਸੰਮਨ ਜਾਰੀ ਕੀਤੇ ਹਨ। ਪਟੀਸ਼ਨਰ ਦਾ ਦਾਅਵਾ ਹੈ ਕਿ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਬਜਰੰਗ ਦਲ ਖ਼ਿਲਾਫ਼ ਕਥਿਤ ਅਪਮਾਣਜਣਕ ਟਿੱਪਣੀਆਂ ਕੀਤੀਆਂ ਗਈਆਂ ਹਨ, ਜਿਸ ਕਾਰਨ ਸ੍ਰੀ ਖੜਗੇ ਖ਼ਿਲਾਫ਼ ਇਕ ਅਰਬ ਰੁਪਏ ਦਾ ਮਾਣਹਾਨੀ ਕੇਸ ਦਾਇਰ ਕੀਤਾ ਗਿਆ ਹੈ। ਸ੍ਰੀ ਭਾਰਦਵਾਜ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਪਾਰਟੀ ਵੱਲੋਂ ਬਜਰੰਗ ਦਲ ਦੀ ਤੁਲਨਾ ਕਥਿਤ ਤੌਰ ‘ਤੇ ਦੇਸ਼ ਵਿਰੋਧੀ ਸੰਗਠਨਾਂ ਨਾਲ ਕੀਤੀ ਦੇਖੀ ਤਾਂ ਉਨ੍ਹਾਂ ਅਦਾਲਤ ਦਾ ਬੂਹਾ ਖੜਕਾ ਦਿੱਤਾ।