ਨਿਊਯਾਰਕ: ਅਦਾਕਾਰਾ ਸ਼ੈਫਾਲੀ ਸ਼ਾਹ, ਅਦਾਕਾਰ ਜੈਦੀਪ ਅਹਿਲਾਵਤ ਅਤੇ ਨਿਰਦੇਸ਼ਕ ਅਵਿਨਾਸ਼ ਅਰੁਣ ਧਾਵਰੇ ਨੂੰ ਨਿਊਯਾਰਕ ਇੰਡੀਅਨ ਫਿਲਮ ਫੈਸਟੀਵਲ (ਐੱਨਵਾਈਐੱਫਐੱਫ) 2023 ਵਿੱਚ ਸਿਖਰਲੇ ਪੁਰਸਕਾਰਾਂ ਨਾਲ ਸਨਮਾਨਿਆ ਗਿਆ। 11 ਤੋਂ 14 ਮਈ ਤੱਕ ਚੱਲੇ ਇਸ ਫਿਲਮ ਫੈਸਟੀਵਲ ਵਿੱਚ ਡਰਾਮਾ, ਦਸਤਾਵੇਜ਼ੀ ਅਤੇ ਲਘੂ ਫਿਲਮਾਂ ਸਮੇਤ ਸਮਕਾਲੀ ਭਾਰਤੀ ਸਿਨੇਮਾ ਦੀਆਂ 35 ਫਿਲਮਾਂ ਦਿਖਾਈਆਂ ਗਈਆਂ। ਬੀਤੇ ਦਿਨ ਸਨਮਾਨ ਸਮਾਗਮ ਨਾਲ ਇਹ ਫਿਲਮ ਫੈਸਟੀਵਲ ਸਮਾਪਤ ਹੋਇਆ, ਜਿਸ ਵਿੱਚ ਸਰਬੋਤਮ ਅਦਾਕਾਰ, ਫਿਲਮ, ਨਿਰਦੇਸ਼ਕ, ਸਕ੍ਰੀਨਪਲੇਅ ਵਰਗੇ ਵਰਗਾਂ ਵਿੱਚ ਜੇਤੂਆਂ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ‘ਸਾਊਦੀ ਵੇਲੱਕਾ’ ਨੇ ਸਰਬੋਤਮ ਫਿਲਮ ਦਾ ਐਵਾਰਡ ਜਿੱਤਿਆ, ਜਦਕਿ ਧਾਵਰੇ ਨੂੰ ਫਿਲਮ ‘ਥ੍ਰੀ ਆਫ ਅਸ’ ਲਈ ਸਰਬੋਤਮ ਨਿਰਦੇਸ਼ਕ ਦਾ ਐਵਾਰਡ ਮਿਲਿਆ। ਇਸ ਫਿਲਮ ਵਿੱਚ ਸ਼ਾਹ, ਅਹਿਲਾਵਤ ਅਤੇ ਸਵਾਨੰਦ ਕਿਰਕਿਰੇ ਨੇ ਕਿਰਦਾਰ ਨਿਭਾਏ ਹਨ। ਸ਼ੈਫਾਲੀ ਅਤੇ ਅਹਿਲਾਵਤ ਨੇ ‘ਥ੍ਰੀ ਆਫ ਅਸ’ ਲਈ ਹੀ ਕ੍ਰਮਵਾਰ ਸਰਬੋਤਮ ਅਦਾਕਾਰਾ ਤੇ ਅਦਾਕਾਰ ਦੇ ਐਵਾਰਡ ਜਿੱਤੇ। ਕੌਮੀ ਐਵਾਰਡ ਜੇਤੂ ਅਦਾਕਾਰ ਮਨੋਜ ਬਾਜਪਾਈ ਦੀ ਆਉਣ ਵਾਲੀ ਫਿਲਮ ‘ਸਿਰਫ ਏਕ ਬੰਦਾ ਕਾਫੀ ਹੈ’ ਵੀ ਦਿਖਾਈ ਗਈ, ਜਿਸ ਦੀ ਦਰਸ਼ਕਾਂ ਵੱਲੋਂ ਭਰਵੀਂ ਸ਼ਲਾਘਾ ਕੀਤੀ ਗਈ। -ਪੀਟੀਆਈ/ਆਈਏਐੱਨਐੱਸ