ਨਵੀਂ ਦਿੱਲੀ, 11 ਜਨਵਰੀ
ਕੇਂਦਰੀ ਮੰਤਰੀ ਅਤੇ ਭਾਜਪਾ ਦੇ ਪੰਜਾਬ ਮਾਮਲਿਆਂ ਦੇ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਦਾਅਵਾ ਕੀਤਾ ਹੈ ਕਿ ਖਰਾਬ ਮੌਸਮ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਵਿਚ ਸ਼ਾਮਲ ਹੋਣ ਲਈ ਲੋਕਾਂ ਵਿਚ ਇੰਨਾ ਉਤਸ਼ਾਹ ਸੀ ਕਿ ਪੰਜਾਬ ਵਿਚ ਪਾਰਟੀ ਨੂੰ ਆਲੇ-ਦੁਆਲੇ ਦੇ ਚਾਰ ਰਾਜਾਂ ਤੋਂ ਹਜ਼ਾਰ ਵਾਧੂ ਬੱਸਾਂ ਮੰਗਵਾਉਣੀਆ ਪਈਆਂ ਸਨ। ਰਾਜਧਾਨੀ ਵਿੱਚ ਭਾਜਪਾ ਹੈੱਡਕੁਆਰਟਰ ਵਿੱਚ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਸ਼ੇਖਾਵਤ ਨੇ ਕਿਹਾ, ‘ਪੰਜਾਬ ਦੀ ਹਰ ਵਿਧਾਨ ਸਭਾ ਸੀਟ ਤੋਂ ਹਜ਼ਾਰਾਂ ਲੋਕ ਆਪਣੇ ਘਰਾਂ ਤੋਂ ਬਾਹਰ ਆਏ। ਮੈਂ ਆਪਣੇ ਲੰਬੇ ਸਿਆਸੀ ਜੀਵਨ ਵਿੱਚ ਕਦੇ ਨਹੀਂ ਦੇਖਿਆ ਕਿ ਜਦੋਂ ਮੌਸਮ ਇੰਨਾ ਖ਼ਰਾਬ ਹੋਵੇ, ਮੀਂਹ ਪੈ ਰਿਹਾ ਹੋਵੇ ਅਤੇ ਧੁੰਦ ਹੋਵੇ, ਫਿਰ ਵੀ ਲੋਕ ਆਪਣੇ ਆਪ ਹੀ ਬੱਸਾਂ ਵਿੱਚ ਬੈਠਣ ਤੇ ਹਜ਼ਾਰਾਂ ਬੱਸਾਂ ਰਵਾਨਾ ਹੋਈਆਂ। ਪੰਜਾਬ ਦੀਆਂ ਬੱਸਾਂ ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਜੰਮੂ ਤੋਂ ਹਜ਼ਾਰ ਖਾਲੀ ਬੱਸਾਂ ਮੰਗਵਾਉਂਣੀਆਂ ਪਈਆਂ ਸਨ।