ਨਵੀਂ ਦਿੱਲੀ, 12 ਜਨਵਰੀ
ਤਜਰਬੇਕਾਰ ਗੋਲਕੀਪਰ ਸਵਿਤਾ ਮਸਕਟ ਵਿੱਚ ਹੋਣ ਵਾਲੇ ਮਹਿਲਾ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਵਿੱਚ 18 ਮੈਂਬਰੀ ਭਾਰਤੀ ਟੀਮ ਦੀ ਅਗਵਾਈ ਕਰੇਗੀ। ਹਾਕੀ ਇੰਡੀਆ ਨੇ ਅੱਜ ਟੀਮ ਦਾ ਐਲਾਨ ਕੀਤਾ, ਜਿਸ ਵਿੱਚ ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਵਾਲੀਆਂ 16 ਖਿਡਾਰਨਾ ਸ਼ਾਮਲ ਹਨ। ਨਿਯਮਤ ਕਪਤਾਨ ਰਾਣੀ ਰਾਮਪਾਲ ਸੱਟ ਤੋਂ ਉਭਰ ਰਹੀ ਹੈ ਅਤੇ ਇਸ ਲਈ ਸਵਿਤਾ ਨੂੰ 21 ਤੋਂ 28 ਜਨਵਰੀ ਤੱਕ ਹੋਣ ਵਾਲੇ ਟੂਰਨਾਮੈਂਟ ਲਈ ਕਪਤਾਨ ਨਿਯੁਕਤ ਕੀਤਾ ਗਿਆ ਹੈ। ਭਾਰਤ ਨੂੰ ਜਾਪਾਨ, ਮਲੇਸ਼ੀਆ ਅਤੇ ਸਿੰਗਾਪੁਰ ਦੇ ਨਾਲ ਪੂਲ ਏ ਵਿੱਚ ਰੱਖਿਆ ਗਿਆ ਹੈ। ਭਾਰਤੀ ਟੀਮ ਟੂਰਨਾਮੈਂਟ ਦੇ ਪਹਿਲੇ ਦਿਨ ਮਲੇਸ਼ੀਆ ਖ਼ਿਲਾਫ਼ ਖ਼ਿਤਾਬੀ ਬਚਾਅ ਮੁਹਿੰਮ ਦੀ ਸ਼ੁਰੂਆਤ ਕਰੇਗੀ। ਇਸ ਤੋਂ ਬਾਅਦ ਉਸ ਦਾ ਸਾਹਮਣਾ ਜਾਪਾਨ (23 ਜਨਵਰੀ) ਅਤੇ ਸਿੰਗਾਪੁਰ (24 ਜਨਵਰੀ) ਨਾਲ ਹੋਵੇਗਾ। ਸੈਮੀਫਾਈਨਲ 26 ਜਨਵਰੀ ਨੂੰ ਅਤੇ ਫਾਈਨਲ 28 ਜਨਵਰੀ ਨੂੰ ਖੇਡਿਆ ਜਾਵੇਗਾ। ਮੁਕਾਬਲੇ ਵਿੱਚ ਸਿਖਰਲੀਆਂ ਚਾਰ ਟੀਮਾਂ ਸਪੇਨ ਅਤੇ ਨੀਦਰਲੈਂਡ ਵਿੱਚ ਹੋਣ ਵਾਲੇ 2022 ਵਿਸ਼ਵ ਕੱਪ ਲਈ ਕੁਆਲੀਫਾਈ ਕਰਨਗੀਆਂ। ਅਨੁਭਵੀ ਦੀਪ ਗ੍ਰੇਸ ਇੱਕਾ ਨੂੰ ਉਪ ਕਪਤਾਨ ਨਿਯੁਕਤ ਕੀਤਾ ਗਿਆ ਹੈ। ਭਾਰਤੀ ਟੀਮ ਦੀ ਮੁੱਖ ਕੋਚ ਯਾਨੇਕ ਸ਼ੋਪਮੈਨ ਹੈ। ਭਾਰਤੀ ਮਹਿਲਾ ਟੀਮ ਇਸ ਪ੍ਰਕਾਰ ਹੈ।ਗੋਲਕੀਪਰ: ਸਵਿਤਾ (ਕਪਤਾਨ), ਰਜਨੀ ਇਤਿਮਾਰਪੂ। ਡਿਫੈਂਡਰ: ਦੀਪ ਗ੍ਰੇਸ ਇੱਕਾ (ਉਪ ਕਪਤਾਨ), ਗੁਰਜੀਤ ਕੌਰ, ਨਿੱਕੀ ਪ੍ਰਧਾਨ, ਉਦਿਤਾ। ਮਿਲ ਫੀਲਡਰ: ਨਿਸ਼ਾ, ਸੁਸ਼ੀਲਾ ਚਾਨੂ, ਮੋਨਿਕਾ, ਨੇਹਾ, ਸਲੀਮਾ ਟੇਟੇ, ਜੋਤੀ, ਨਵਜੋਤ ਕੌਰ। ਫਾਰਵਰਡ: ਨਵਨੀਤ ਕੌਰ, ਲਾਲਰੇਮਸਿਆਮੀ, ਵੰਦਨਾ ਕਟਾਰੀਆ, ਮਾਰੀਆਨਾ ਕੁਜੂਰ, ਸ਼ਰਮੀਲਾ ਦੇਵੀ।