ਨਵੀਂ ਦਿੱਲੀ, 12 ਜਨਵਰੀ
ਕੇਂਦਰ ਸਰਕਾਰ ਨੇ ਅੱਜ ਕਿਹਾ ਕਿ ਭਾਰਤ ਵਿਚ ਕਰੀਬ 300 ਜ਼ਿਲ੍ਹਿਆਂ ਵਿਚ ਕਰੋਨਾਵਾਇਰਸ ਲਈ ਨਮੂਨਿਆਂ ਦੀ ਜਾਂਚ ਵਿਚ ਲਾਗ ਦੀ ਹਫ਼ਤਾਵਾਰੀ ਦਰ 5 ਫ਼ੀਸਦ ਹੈ, ਉੱੱਥੇ ਮਹਾਰਾਸ਼ਟਰ, ਪੱਛਮੀ ਬੰਗਾਲ, ਦਿੱਲੀ, ਤਾਮਿਲਨਾਡੂ, ਕਰਨਾਟਕ, ਉੱਤਰ ਪ੍ਰਦੇਸ਼, ਕੇਰਲ ਅਤੇ ਗੁਜਰਾਤ ਚਿੰਤਾ ਵਾਲੇ ਸੂਬਿਆਂ ਦੇ ਰੂਪ ਵਿਚ ਉਭਰ ਰਹੇ ਹਨ। ਸਰਕਾਰ ਨੇ ਇਹ ਵੀ ਕਿਹਾ ਕਿ ਵਾਇਰਸ ਦਾ ਓਮੀਕਰੋਨ ਸਰੂਪ ਆਮ ਸਰਦੀ-ਖੰਘ ਨਹੀਂ ਹੈ, ਇਸ ਨੂੰ ਹਲਕੇ ਵਿਚ ਨਹੀਂ ਲੈ ਸਕਦੇ ਅਤੇ ਲੋਕਾਂ ਨੂੰ ਚੌਕਸੀ ਵਰਤਣ ਤੇ ਟੀਕਾ ਲਗਵਾਉਣ ਦੀ ਲੋੜ ਹੈ, ਉੱਥ ਹੀ ਕੋਵਿਡ ਦੇ ਨੇਮਾਂ ਦੀ ਪਾਲਣਾ ਵੀ ਕਰਨੀ ਹੋਵੇਗੀ। ਸਿਹਤ ਮੰਤਰਾਲੇ ਵਿਚ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਭਾਰਤ ਵਿਚ ਕੋਵਿਡ-19 ਲਾਗ ਵਿਚ ਤੇਜ਼ੀ ਨਾਲ ਵਾਧਾ ਦੇਖਿਆ ਗਿਆ ਹੈ ਅਤੇ ਨਮੂਨਿਆਂ ਦੀ ਜਾਂਚ ਵਿਚ ਲਾਗ ਦੀ ਦਰ 30 ਦਸੰਬਰ ਨੂੰ 1.1 ਫ਼ੀਸਦ ਤੋਂ ਵਧ ਕੇ ਬੁੱਧਵਾਰ ਨੂੰ 11.05 ਫ਼ੀਸਦ ਹੋ ਗਈ। ਅਧਿਕਾਰੀ ਨੇ ਕਿਹਾ ਕਿ ਇਸ ਸਮੇਂ ਭਾਰਤ ਵਿਚ 300 ਜ਼ਿਲ੍ਹਿਆਂ ਵਿਚ ਲਾਗ ਦੀ ਹਫ਼ਤਾਵਾਰੀ ਦਰ 5 ਫ਼ੀਸਦ ਤੋਂ ਵੱਧ ਹੈ। -ਪੀਟੀਆਈ