ਨਵੀਂ ਦਿੱਲੀ: ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਵਿਰਾਟ ਕੋਹਲੀ ਦੀ ਭਾਰਤੀ ਕਪਤਾਨ ਵਜੋਂ ਟੀਮ ਨੂੰ ਕ੍ਰਿਕਟ ਦੀਆਂ ਤਿੰਨਾਂ ਵੰਨਗੀਆਂ ਵਿੱਚ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਪ੍ਰਸੰਸਾ ਕੀਤੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਕੋਹਲੀ ਦਾ ਟੈਸਟ ਕਪਤਾਨੀ ਤੋਂ ਹਟਣ ਦਾ ਫ਼ੈਸਲਾ ਨਿੱਜੀ ਹੈ। ਕੋਹਲੀ ਨੇ ਬੀਤੇ ਦਿਨੀਂ ਭਾਰਤੀ ਕ੍ਰਿਕਟ ਟੀਮ ਦੀ ਟੈਸਟ ਕਪਤਾਨੀ ਛੱਡਣ ਦਾ ਐਲਾਨ ਕੀਤਾ ਸੀ। ਭਾਰਤੀ ਟੀਮ ਇਸ ਤੋਂ ਇੱਕ ਦਿਨ ਪਹਿਲਾਂ ਦੱਖਣੀ ਅਫਰੀਕਾ ਤੋਂ ਲੜੀ 1-2 ਨਾਲ ਹਾਰ ਗਈ ਸੀ। ਕੋਹਲੀ ਦੀ ਅਗਵਾਈ ਵਿੱਚ ਭਾਰਤ ਨੇ 68 ਟੈਸਟ ਮੈਚ ਖੇਡੇ, ਜਿਨ੍ਹਾਂ ਵਿੱਚੋਂ 40 ਜਿੱਤੇ ਹਨ। ਗਾਂਗੁਲੀ ਨੇ ਬੀਸੀਸੀਆਈ ਅਤੇ ਕੋਹਲੀ ਨੂੰ ‘ਟੈਗ’ ਕਰਦਿਆਂ ਟਵੀਟ ਕੀਤਾ, ”ਵਿਰਾਟ ਦੀ ਅਗਵਾਈ ਵਿੱਚ ਭਾਰਤੀ ਕ੍ਰਿਕਟ ਨੇ ਖੇਡ ਦੀਆਂ ਸਾਰੀਆਂ ਵੰਨਗੀਆਂ ਵਿੱਚ ਤੇਜ਼ੀ ਨਾਲ ਤਰੱਕੀ ਕੀਤੀ ਹੈ। ਉਨ੍ਹਾਂ ਦਾ ਫ਼ੈਸਲਾ ਵਿਅਕਤੀਗਤ ਹੈ ਅਤੇ ਬੀਸੀਸੀਆਈ ਇਸ ਦਾ ਬਹੁਤ ਸਨਮਾਨ ਕਰਦਾ ਹੈ। ਉਹ ਇਸ ਟੀਮ ਨੂੰ ਭਵਿੱਖ ਵਿੱਚ ਨਵੀਆਂ ਬੁਲੰਦੀਆਂ ‘ਤੇ ਲਿਜਾਣ ਲਈ ਅਹਿਮ ਮੈਂਬਰ ਹੋਵੇਗਾ। ਇੱਕ ਮਹਾਨ ਖਿਡਾਰੀ। ਬਹੁਤ ਚੰਗੀ ਭੂਮਿਕਾ ਨਿਭਾਈ।” ਕੋਹਲੀ ਭਾਰਤ ਦਾ ਸਭ ਤੋਂ ਸਫਲ ਟੈਸਟ ਕਪਤਾਨ ਰਿਹਾ ਹੈ। ਉਸ ਮਗਰੋਂ ਮਹਿੰਦਰ ਸਿੰਘ ਧੋਨੀ (27 ਜਿੱਤਾਂ) ਅਤੇ ਗਾਂਗੁਲੀ (21 ਜਿੱਤਾਂ) ਦਾ ਨੰਬਰ ਆਉਂਦਾ ਹੈ। -ਪੀਟੀਆਈ