EVM ਸਬੰਧੀ ਮੁੱਦੇ ਹੱਲ ਨਾ ਹੋਏ ਤਾਂ ਭਾਜਪਾ ਜਿੱਤ ਸਕਦੀ ਹੈ 400 ਸੀਟਾਂ !
ਕਾਂਗਰਸੀ ਆਗੂ ਸੈਮ ਪਿਤਰੋਦਾ ਨੇ ਅੱਜ ਕਿਹਾ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮ) ਨਾਲ ਸਬੰਧਤ ਮੁੱਦੇ ਜੇਕਰ ਅਗਲੇ ਵਰ੍ਹੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੁਲਝਾਏ ਨਾ ਗਏ ਤਾਂ ਭਾਜਪਾ ਇਨ੍ਹਾਂ ਚੋਣਾਂ ਵਿੱਚ 400 ਤੋਂ ਵਧ ਸੀਟਾਂ ਜਿੱਤ ਸਕਦੀ ਹੈ। ਉਨ੍ਹਾਂ ਨੇ ਖਬਰ ਏਜੰਸੀ ‘ਪੀਟੀਆਈ’ ਨੂੰ ਦਿੱਤੀ ਵੀਡੀਓ ਇੰਟਰਵਿਊ ’ਚ ਕਿਹਾ ਕਿ ਇਹ ਚੋਣਾਂ ਦੇਸ਼ ਦੀ ਕਿਸਮਤ ਦਾ ਫੈਸਲਾ ਕਰਨਗੀਆਂ। ਈਵੀਐਮਜ਼ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਤੌਖਲਿਆਂ ਨੂੰ ਹਮੇਸ਼ਾ ਖਾਰਜ ਕੀਤਾ ਜਾਂਦਾ ਰਿਹਾ ਹੈ ਪਰ ਕਾਂਗਰਸ ਸਣੇ ਕਈ ਵਿਰੋਧੀ ਪਾਰਟੀਆਂ ਦੇ ਆਗੂ ਇਨ੍ਹਾਂ ਮਸ਼ੀਨਾਂ ਨਾਲ ਛੇੜਛਾੜ ਦਾ ਦੋਸ਼ ਲਾਉਂਦੇ ਰਹੇ ਹਨ। ਇਸੇ ਦੌਰਾਨ ਕਾਂਗਰਸ ਪਾਰਟੀ ਨਾਲ ਸਬੰਧਤ ਕਈ ਲੋਕਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹ ਇਨ੍ਹਾਂ ਮਸ਼ੀਨਾਂ ’ਤੇ ਭਰੋਸਾ ਕਰਦੇ ਹਨ। ਇਨ੍ਹਾਂ ਵਿੱਚੋਂ ਕੁਝ ਆਗੂਆਂ ਨੇ ਬਿਆਨ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਕੁਝ ਸੂਬਿਆਂ ’ਚ ਹੋਈ ਹਾਰ ਤੋਂ ਬਾਅਦ ਦਿੱਤੇ ਗਏ ਹਨ। ਇਸੇ ਦੌਰਾਨ ਕਾਂਗਰਸ ਤੇ ਹੋਰ ਵਿਰੋਧੀ ਦਲ ਸੌ ਫੀਸਦ ‘ਵੋਟਰ ਵੇਰੀਫਿਏਬਲ ਪੇਪਰ ਆਡਿਟ ਟਰੇਲ (ਵੀਵੀਪੀਏਟੀ) ਦੀ ਮੰਗ ਕਰਦੇ ਰਹੇ ਹਨ ਅਤੇ ਇਹ ਵੀ ਸੁਝਾਅ ਦਿੰਦੇ ਰਹੇ ਹਨ ਕਿ ਪਰਚੀਆਂ ਡੱਬੇ ਵਿੱਚ ਰੱਖਣ ਦੀ ਥਾਂ ਵੋਟਰਾਂ ਨੂੰ ਦਿੱਤੀਆਂ ਜਾਣ।ਅਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਵੱਲੋਂ 400 ਸੀਟਾਂ ਜਿੱਤਣ ਦੇ ਕੀਤੇ ਜਾ ਰਹੇ ਦਾਅਵੇ ਬਾਰੇ ਉਨ੍ਹਾਂ ਕਿਹਾ, ‘‘ਜੇਕਰ ਉਹ ਅਜਿਹਾ ਕਰ ਸਕਦੇ ਹਨ ਤਾਂ ਚੰਗੀ ਗੱਲ ਹੈ। ਅਸਲ ਵਿੱਚ ਇਹ ਫੈਸਲਾ ਤਾਂ ਦੇਸ਼ ਨੇ ਕਰਨਾ ਹੈ। ਆਮ ਚੋਣਾਂ ਤੋਂ ਪਹਿਲਾਂ ਈਵੀਐੱਮਜ਼ ਨੂੰ ਦਰੁਸਤ ਕਰਨਾ ਜ਼ਰੂਰੀ ਹੈ। ਜੇਕਰ ਅਜਿਹਾ ਨਾ ਹੋਇਆ ਤਾਂ 400 ਦਾ ਅੰਕੜਾ ਸੱਚ ਹੋ ਸਕਦਾ ਹੈ।’’
The post EVM ਸਬੰਧੀ ਮੁੱਦੇ ਹੱਲ ਨਾ ਹੋਏ ਤਾਂ ਭਾਜਪਾ ਜਿੱਤ ਸਕਦੀ ਹੈ 400 ਸੀਟਾਂ ! first appeared on Ontario Punjabi News.