ਅਲੋਪ ਹੋ ਗਈ ਹੈ ਬੱਚਿਆਂ ਦੀ ਖੇਡ ‘ਪਿੱਠੂ’
ਅਕਸਰ ਬੱਚੇ ਪੇਂਡੂ ਦੇਸੀ ਖੇਡਾਂ ਖੇਡਦੇ ਸੀ ਜਿਨ੍ਹਾਂ ਵਿਚ ਲੁਕਣ ਮੀਚੀ, ਸ਼ਟਾਪੂ, ਪਿੰਨੀ ਪਿੱਚੀ, ਬੰਟੇ ਗੋਲੀਆਂ, ਕੱਲੀ ਜੋਟਾ, ਗੁੱਲੀ ਡੰਡਾ, ਖਿੱਦੋ ਖੂੰਡੀ, ਕਾਨਾ ਘੋੜੀ, ਕੋਟਲਾ ਛਪਾਕੀ ਆਦਿ ਪ੍ਰਚਲਤ ਸਨ ਜਿਸ ਨੂੰ ਖੇਡ ਬੱਚੇ ਮਨੋਰੰਜਨ ਕਰਦੇ ਸੀ ਤੇ ਸਿਹਤ ਪੱਖੋਂ ਠੀਕ ਰਹਿੰਦੇ ਸੀ। ਕੋਈ ਬੀਮਾਰੀ ਨਹੀਂ ਸੀ ਲਗਦੀ। ਹੁਣ ਬੱਚੇ ਮੋਬਾਈਲ, ਇੰਟਰਨੈੱਟ ਦੀ ਦੁਨੀਆਂ ਵਿਚ ਗਵਾਚ ਮਨੋਰੋਗੀ ਹੋ ਗਏ ਹਨ ਅਤੇ ਘਾਤਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਮੈਂ ਬੱਚਿਆਂ ਦੀ ਖੇਡ ਪਿੱਠੂ ਗਰਮ ਦੀ ਕਰਨ ਜਾ ਰਿਹਾ ਹਾਂ।
ਪਿੱਠੂ ਗਰਮ ਛੋਟਿਆਂ ਬੱਚਿਆਂ ਦੀ ਇਕ ਖੇਡ ਹੈ। ਖਿਡਾਰੀ ਪਹਿਲਾਂ ਦੋ ਧੜੇ ਬਣਾ ਲੈਂਦੇ ਹਨ ਤੇ ਵਿਚਕਾਰ ਇਕ ਗੋਲ ਦਾਇਰਾ ਬਣਾ ਉਸ ਵਿਚ ਠੀਕਰਾਂ ਇਕ ਦੂਸਰੇ ਦੇ ਉਪਰ ਰੱਖ ਟਿਕਾ ਦਿਤੀਆਂ ਜਾਂਦੀਆਂ ਹਨ। ਇਕ ਧਿਰ ਦਾ ਖਿਡਾਰੀ ਚੱਕਰ ਤੋਂ ਬਾਹਰ ਪਰੇ ਖੜਾ ਹੋ ਕੇ ਗੇਂਦ ਨਾਲ ਟਹਿਣੀਆਂ ਨੂੰ ਫੁੰਡਦਾ ਹੈ। ਜੇਕਰ ਨਿਸ਼ਾਨਾ ਫੁੰਡ ਜਾਂਦਾ ਹੈ ਤਾਂ ਦੂਸਰੀ ਧਿਰ ਦਾ ਖਿਡਾਰੀ ਗੇਂਦ ਨੂੰ ਬੁਚ ਲੈਂਦਾ ਹੈ, ਪਹਿਲੀ ਧਿਰ ਹਾਰ ਜਾਂਦੀ ਹੈ ਪਰ ਗੇਂਦ ਨਾਲ ਨਿਸ਼ਾਨਾ ਫੁੰਡਿਆ ਜਾਵੇ ਅਤੇ ਗੇਂਦ ਬੋਚ ਲਈ ਜਾਵੇ ਤਾਂ ਉਸ ਧਿਰ ਦੇ ਇਸ ਖਿਡਾਰੀ ਦੀ ਵੀ ਵਾਰੀ ਮੁਕ ਜਾਂਦੀ ਹੈ।
ਜੇ ਗੇਂਦ ਠੀਕਰੀਆਂ ਦਾ ਨਿਸ਼ਾਨਾ ਫੁੰਡਣ ਤੋਂ ਬਾਅਦ ਬੋਚੀ ਨਾ ਜਾ ਸਕੇ ਤਾਂ ਦੂਜੀ ਢਾਣੀ ਦੇ ਖਿਡਾਰੀ ਗੇਂਦ ਨੂੰ ਫੜ ਦੂਜੀ ਧਿਰ ਦੇ ਖਿਡਾਰੀਆਂ ਨੂੰ ਗੇਂਦ ਮਾਰਦੇ ਹਨ। ਜੇ ਗੇਂਦ ਕਿਸੇ ਖਿਡਾਰੀ ਨੂੰ ਵੱਜ ਜਾਵੇ ਤਾਂ ਉਸ ਧਿਰ ਦੇ ਖਿਡਾਰੀਆਂ ਦੀ ਵਾਰੀ ਖ਼ਤਮ ਹੋ ਜਾਂਦੀ ਹੈ। ਹੁਣ ਪਿਛਲੀਆਂ ਗਰਮ ਪਿੱਠੂ ਵਰਗੀਆਂ ਦੇਸੀ ਖੇਡਾਂ ਅਲੋਪ ਹੋ ਗਈਆਂ ਹਨ। ਸਕੂਲਾਂ ਵਿਚ ਨਾ ਹੀ ਖੇਡਾਂ ਹਨ ਤੇ ਨਾ ਹੀ ਹੁਣ ਬੱਚਿਆਂ ਦੇ ਮਨੋਰੰਜਨ ਲਈ ਬਾਲ ਸਭਾਵਾਂ ਲਗਾਈਆਂ ਜਾਂਦੀਆਂ ਹਨ। ਨਾ ਹੀ ਪੀਟੀ ਪਰੇਡ ਸਿਹਤਯਾਬੀ ਲਈ ਕਰਵਾਈ ਜਾਂਦੀ ਹੈ। ਬੱਸ ਬੱਚਿਆਂ ਤੇ ਵੱਡੇ ਬਸਤਿਆਂ ਦਾ ਬੋਝ ਪਾ ਦਿਤਾ ਹੈ। ਲੋੜ ਹੈ ਸਰਕਾਰ ਨੂੰ ਸਕੂਲਾਂ ਵਿਚ ਦੇਸੀ ਖੇਡਾਂ ਲਾਜ਼ਮੀ ਸ਼ੁਰੂ ਕਰਨ ਦੀ।
-ਗੁਰਮੀਤ ਸਿੰਘ ਵੇਰਕਾ
The post ਅਲੋਪ ਹੋ ਗਈ ਹੈ ਬੱਚਿਆਂ ਦੀ ਖੇਡ ‘ਪਿੱਠੂ’ first appeared on Ontario Punjabi News.