ਸਿਓਲ , 20 ਜਨਵਰੀ
ਉੱਤਰੀ ਕੋਰੀਆ ਨੇ ਅਮਰੀਕਾ ‘ਤੇ ਦੁਸ਼ਮਣੀ ਅਤੇ ਧਮਕੀਆਂ ਨੂੰ ਬੜ੍ਹਾਵਾ ਦੇਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ‘ਆਰਜ਼ੀ ਤੌਰ ਮੁਅੱਤਲ ਉਨ੍ਹਾਂ ਸਾਰੀਆਂ ਸਰਗਰਮੀਆਂ’ ਉੱਤੇ ਮੁੜ ਕੰਮ ਸ਼ੁਰੂ ਕਰਨ ‘ਤੇ ਵਿਚਾਰ ਕਰੇਗਾ, ਜਿਨ੍ਹਾਂ ‘ਤੇ ਉਸ ਨੇ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨਾਲ ਆਪਣੀ ਕੂਟਨੀਤੀ ਦੌਰਾਨ ਰੋਕ ਲਾ ਦਿੱਤੀ ਸੀ। ਇਸ ਬਿਆਨ ਰਾਹੀਂ ਉੱਤਰੀ ਕੋਰੀਆਂ ਨੇ ਪ੍ਰਮਾਣੂ ਹਥਿਆਰਾਂ ਅਤੇ ਲੰਬੀ ਦੂਰੀ ਦੀਆਂ ਮਿਜ਼ਾਈਆਂ ਦੀ ਅਜ਼ਮਾਇਸ਼ ਮੁੜ ਸ਼ੁਰੂ ਕਰਨ ਦਾ ਸੰਕੇਤ ਦਿੱਤਾ ਹੈ।
ਉੱਤਰੀ ਕੋਰੀਆ ਦੀ ਅਧਿਕਾਰਤ ਕੋਰੀਅਨ ਸੈਂਟਰਲ ਨਿਊਜ਼ ਏਜੰਸੀ (ਕੇਸੀਐੱਨਏ) ਨੇ ਕਿਹਾ ਕਿ ਕਿਮ ਜੋਂਗ ਉਨ ਨੇ ਸੱਤਾਧਾਰੀ ਵਰਕਰਜ਼ ਪਾਰਟੀ ਦੇ ਪੋਲਿਟਬਿਊਰੋ ਦੀ ਬੈਠਕ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਅਧਿਕਾਰੀਆਂ ਨੇ ਅਮਰੀਕੀਆਂ ਦੀਆਂ ‘ਦੁਸ਼ਮਣੀ ਵਾਲੀਆਂ ਚਾਲਾਂ’ ਦਾ ਮੁਕਾਬਲਾ ਕਰਨ ਲਈ ਉੱਤਰ ਕੋਰੀਆਂ ਦੀਆਂ ਸੈਨਿਕ ਸਮਰੱਥਾਵਾਂ ਨੂੰ ‘ਤੁਰੰਤ ਮਜ਼ਬੂਤ’ ਬਣਾਉਣ ਦੇ ਮਕਸਦ ਨਾਲ ਨੀਤੀਗਤ ਨਿਸ਼ਾਨ ਤੈਅ ਕੀਤੇ ਹਨ। ਕੇਸੀਐੱਨਏ ਨੇ ਕਿਹਾ ਕਿ ਅਧਿਕਾਰੀਆਂ ਨੇ ਆਰਜ਼ੀ ਤੌਰ ‘ਤੇ ਮੁਅੱਤਲ ਸਾਰੀਆਂ ਸਰਗਰਮੀਆਂ ਮੁੜ ਸ਼ੁਰੂ ਕਰਨ ਸਬੰਧੀ ਮਸਲਿਆਂ ‘ਤੇ ਚਰਚਾ ਕਰਨ ਦੇ ਨਿਰਦੇਸ਼ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਉੱਤਰੀ ਕੋਰੀਆ ਨੇ ਹਾਲ ‘ਚ ਹੀ ਆਪਣੇ ਹਥਿਆਰਾਂ ਦੀ ਪਰਖ ਦੀ ਕਵਾਇਦ ਨੂੰ ਤੇਜ਼ ਕੀਤਾ ਹੈ, ਜਿਸ ਤਹਿਤ ਇਸੇ ਮਹੀਨੇ ਚਾਰ ਮਿਜ਼ਾਈਲਾਂ ਦੀ ਪਰਖ ਕੀਤੀ ਗਈ ਹੈ। ਇਸ ਦਾ ਮਕਸਦ ਅਮਰੀਕਾ ਨਾਲ ਲੰਮੇ ਸਮੇਂ ਰੁਕੀ ਹੋਈ ਪ੍ਰਮਾਣੂ ਕੂਟਨੀਤੀ ਸਬੰਧੀ ਅਮਰੀਕਾ ‘ਤੇ ਮੁੜ ਦਬਾਅ ਬਣਾਉਣ ਦੀ ਕੋਸ਼ਿਸ਼ ਕਰਨਾ ਹੋ ਸਕਦਾ ਹੈ। ਉੱਤਰੀ ਕੋਰੀਆ ਦੀ ਲਗਾਤਾਰ ਮਿਜ਼ਾਈਲ ਪਰਖ ਸਰਗਰਮੀ ‘ਤੇ ਪਿਛਲੇ ਮਹੀਨੇ ਬਾਇਡਨ ਪ੍ਰਸ਼ਾਸਨ ਨੇ ਨਵੀਂਆਂ ਪਾਬੰਦੀਆਂ ਲਾ ਦਿੱਤੀਆਂ ਸਨ, ਜਿਸ ਮਗਰੋਂ ਉੱਤਰ ਕੋਰੀਆ ਦੇ ਵਿਦੇਸ਼ ਮੰਤਰਾਲੇ ਨੇ ਸਖ਼ਤ ਕਾਰਵਾਈ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ ਸੀ।
ਇਸੇ ਦੌਰਾਨ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਉੱਤਰੀ ਕੋਰੀਆ ਅਤੇ ਪਰਮਾਣੂੁ ਹਥਿਆਰ ਘਟਾਉਣ ਦੇ ਮਾਮਲੇ ‘ਤੇ ਚਰਚਾ ਲਈ ਵੀਰਵਾਰ ਨੂੰ ਇੱਕ ਬੈਠਕ ਸੱਦੀ ਹੈ। ਦੂਜੇ ਪਾਸੇ ਦੱਖਣੀ ਕੋਰੀਆ ਦੇ ਰੱਖਿਆ ਮੰਤਰਾਲੇ ਦੇ ਤਰਜਮਾਨ .ਸਿਉਂਗ ਚਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਉੱਤਰੀ ਕੋਰੀਆ ਦੀਆ ਫ਼ੌਜੀ ਸਰਗਰਮੀਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। -ਏਪੀ