ਮੁੰਬਈ, 21 ਜਨਵਰੀ
ਇਥੋਂ ਦੇ ਇਕ ਹਸਪਤਾਲ ਵਿੱਚ ਮਹਿਲਾ ਸਫਾਈ ਸੇਵਕ ਵੱਲੋਂ 2 ਸਾਲਾਂ ਦੇ ਬੱਚੇ ਨੂੰ ਕਥਿਤ ਤੌਰ ‘ਤੇ ਗਲਤ ਟੀਕਾ ਲਗਾਉਣ ਕਾਰਨ ਉਸ ਦੀ ਮੌਤ ਹੋ ਗਈ ਹੈ। ਸ਼ਿਵਾਜੀ ਨਗਰ ਪੁਲੀਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਸ ਸਬੰਧ ਵਿੱਚ ਗੋਵਾਂਡੀ ਸਬ-ਅਰਬਨ ਦੇ ਨੂਰ ਹਸਪਤਾਲ ਦੇ ਮਾਲਕ ਸਣੇ ਇਕ ਡਾਕਟਰ, ਨਰਸ ਤੇ ਸਫਾਈ ਸੇਵਕਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਨੁਸਾਰ ਬੱਚੇ ਨੂੰ 8 ਜਨਵਰੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਸ ਨੂੰ ਟੱਟੀਆਂ ਲੱਗੀਆਂ ਹੋਈਆਂ ਸਨ। ਇਸੇ ਦੌਰਾਨ ਸਫਾਈ ਸੇਵਕਾ ਨੇ ਉਸ ਨੂੰ ਮਲੇਰੀਆ ਦਾ ਟੀਕਾ ਲਗਾ ਦਿੱਤਾ ਜੋ ਕਿ ਉਸੇ ਵਾਰਡ ਵਿੱਚ ਕਿਸੇ ਹੋਰ ਮਰੀਜ਼ ਲਈ ਸੀ। ਇਸ ਮਗਰੋਂ 13 ਜਨਵਰੀ ਨੂੰ ਬੱਚੇ ਦੀ ਮੌਤ ਹੋ ਗਈ। ਪੁਲੀਸ ਨੇ ਬੱਚੇ ਦੇ ਪਿਤਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ‘ਤੇ ਹਸਪਤਾਲ ਦੇ ਮਾਲਕ ਨਸੀਰੂਦੀਨ ਸਈਦ, ਸਫਾਈ ਸੇਵਕਾ ਨਰਗਿਸ ਤੇ ਹੋਰਨਾਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ। -ਪੀਟੀਆਈ