ਨਵੀਂ ਦਿੱਲੀ, 21 ਜਨਵਰੀ
ਇਥੇ ਇੰਡੀਆ ਗੇਟ ਸਥਿਤ ਅਮਰ ਜਵਾਨ ਜੋਤੀ ਨੂੰ ਅੱਜ ਨੈਸ਼ਨਲ ਵਾਰ ਮੈਮੋਰੀਅਲ (ਐੱਨਡਬਲਿਊਐੱਮ) ਨਾਲ ਮਿਲਾ ਦਿੱਤਾ ਗਿਆ। ਛੋਟੇ ਜਿਹੇ ਸਮਾਗਮ ਵਿੱਚ ਅਮਰ ਜਵਾਨ ਜੋਤੀ ਦਾ ਇੱਕ ਹਿੱਸਾ ਲਿਆ ਗਿਆ ਅਤੇ ਇੰਡੀਆ ਗੇਟ ਤੋਂ 400 ਮੀਟਰ ਦੀ ਦੂਰੀ ‘ਤੇ ਸਥਿਤ ਵਾਰ ਮੈਮੋਰੀਅਲ ਵਿਖੇ ਬਲਦੀ ਲਾਟ ਵਿੱਚ ਮਿਲਾ ਦਿੱਤਾ ਗਿਆ। ਅਮਰ ਜਵਾਨ ਜੋਤੀ ਦਾ ਨਿਰਮਾਣ 1971 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਸ਼ਹੀਦ ਹੋਏ ਭਾਰਤੀ ਸੈਨਿਕਾਂ ਦੀ ਯਾਦਗਾਰ ਵਜੋਂ ਕੀਤਾ ਗਿਆ ਸੀ। ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 26 ਜਨਵਰੀ 1972 ਨੂੰ ਇਸ ਦਾ ਉਦਘਾਟਨ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਫਰਵਰੀ 2019 ਨੂੰ ਕੌਮੀ ਜੰਗੀ ਯਾਦਗਾਰ ਦਾ ਉਦਘਾਟਨ ਕੀਤਾ ਸੀ। ਇਥੇ ਗ੍ਰੇਨਾਈਟ ਪੱਥਰਾਂ ‘ਤੇ 25,942 ਫੌਜੀਆਂ ਤੇ ਅਧਿਕਾਰੀਆਂ ਦੇ ਨਾਮ ਸੁਨਹਿਰੇ ਅੱਖਰਾਂ ਵਿੱਚ ਅੰਕਿਤ ਹਨ।