ਲੰਡਨ, 23 ਜਨਵਰੀ
ਬਰਤਾਨੀਆ ਨੇ ਦੋਸ਼ ਲਾਇਆ ਹੈ ਕਿ ਰੂਸ, ਯੂਕਰੇਨ ਸਰਕਾਰ ‘ਤੇ ਮਾਸਕੋ ਪੱਖੀਆਂ ਦਾ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਯੂਕਰੇਨੀ ਸੰਸਦ ਮੈਂਬਰ ਯੇਵਹੀਨਾਇ ਮੁਰਾਯੇਵ ਦੇ ਨਾਂ ਉਤੇ ਵਿਚਾਰ ਕੀਤਾ ਜਾ ਰਿਹਾ ਹੈ। ਮੁਰਾਯੇਵ ਰੂਸ ਪੱਖੀ ਪਾਰਟੀ ਨਾਸ਼ੀ ਦਾ ਆਗੂ ਹੈ। ਹਾਲਾਂਕਿ ਇਸ ਪਾਰਟੀ ਦੀ ਯੂਕਰੇਨ ਦੀ ਸੰਸਦ ਵਿਚ ਇਕ ਵੀ ਸੀਟ ਨਹੀਂ ਹੈ। ਬਰਤਾਨੀਆ ਦੇ ਵਿਦੇਸ਼ ਮੰਤਰਾਲੇ ਨੇ ਕਈ ਯੂਕਰੇਨੀ ਸਿਆਸਤਦਾਨਾਂ ਦਾ ਨਾਂ ਲਿਆ ਹੈ ਜਿਨ੍ਹਾਂ ਦੇ ਰੂਸੀ ਇੰਟੈਲੀਜੈਂਸ ਸਰਵਿਸਿਜ਼ ਨਾਲ ਸਬੰਧ ਰਹੇ ਹਨ। ਯੂਕੇ ਸਰਕਾਰ ਨੇ ਇਹ ਦਾਅਵਾ ਉਨ੍ਹਾਂ ਕੋਲ ਉਪਲੱਬਧ ਖ਼ੁਫੀਆ ਜਾਣਕਾਰੀਆਂ ਦੇ ਅਧਾਰ ਉਤੇ ਕੀਤਾ ਹੈ। ਇਸ ਲਈ ਉਨ੍ਹਾਂ ਕੋਈ ਸਬੂਤ ਨਹੀਂ ਦਿੱਤਾ ਹੈ। ਜ਼ਿਕਰਯੋਗ ਹੈ ਕਿ ਯੂਕਰੇਨ ਬਾਰੇ ਰੂਸ ਤੇ ਪੱਛਮੀ ਜਗਤ ਵਿਚਾਲੇ ਖਿੱਚੋਤਾਣ ਬਣੀ ਹੋਈ ਹੈ। ਬਰਤਾਨੀਆ ਦੀ ਵਿਦੇਸ਼ ਮੰਤਰੀ ਲਿਜ਼ ਟਰੱਸ ਨੇ ਕਿਹਾ ਕਿ ਇਹ ਜਾਣਕਾਰੀ ਇਸ ਗੱਲ ਉਤੇ ਰੋਸ਼ਨੀ ਪਾਉਂਦੀ ਹੈ ਕਿ ਰੂਸੀ ਗਤੀਵਿਧੀ ਕਿਵੇਂ ਯੂਕਰੇਨ ‘ਚ ਬਦਲਾਅ ਚਾਹੁੰਦੀ ਹੈ ਤੇ ਕਰੈਮਲਿਨ ਕੀ ਸੋਚ ਰਿਹਾ ਹੈ। ਟਰੱਸ ਨੇ ਰੂਸ ਨੂੰ ਬੇਨਤੀ ਕੀਤੀ ਹੈ ਕਿ ਉਹ ਟਕਰਾਅ ਘਟਾਉਣ ਤੇ ਕੂਟਨੀਤੀ ਦਾ ਰਾਹ ਚੁਣਨ। ਉਨ੍ਹਾਂ ਨਾਲ ਹੀ ਕਿਹਾ ਕਿ ਜੇਕਰ ਰੂਸ, ਯੂਕਰੇਨ ਵਿਚ ਦਾਖਲ ਹੋਇਆ ਤਾਂ ਬਰਤਾਨੀਆ ਇਸ ਨੂੰ ਵੱਡੀ ਰਣਨੀਤਕ ਗਲਤੀ ਮੰਨੇਗਾ, ਇਸ ਦੀ ਕੀਮਤ ਰੂਸ ਨੂੰ ਚੁਕਾਉਣੀ ਪਏਗੀ। ਦੱਸਣਯੋਗ ਹੈ ਕਿ ਬਰਤਾਨੀਆ ਨੇ ਐਂਟੀ ਟੈਂਕ ਹਥਿਆਰ ਯੂਕਰੇਨ ਭੇਜੇ ਹਨ ਤੇ ਸੰਭਾਵੀ ਰੂਸੀ ਹਮਲੇ ਖ਼ਿਲਾਫ਼ ਪੱਛਮੀ ਮੁਲਕ ਆਪਣੀ ਸੁਰੱਖਿਆ ਮਜ਼ਬੂਤ ਕਰ ਰਹੇ ਹਨ। ਇਸੇ ਦੌਰਾਨ ਸੰਭਾਵਨਾ ਜ਼ਾਹਿਰ ਕੀਤੀ ਗਈ ਹੈ ਕਿ ਯੂਕੇ ਦੇ ਰੱਖਿਆ ਮੰਤਰੀ ਬੈੱਨ ਵਾਲੈਸ ਰੂਸ ਦੇ ਆਪਣੇ ਹਮਰੁਤਬਾ ਸਰਗੇਈ ਸ਼ੋਇਗੂ ਨਾਲ ਮਾਸਕੋ ਵਿਚ ਮੁਲਾਕਾਤ ਕਰ ਸਕਦੇ ਹਨ। -ਏਪੀ
ਰੂਸ ਵੱਲੋਂ ਬਰਤਾਨੀਆ ਦੇ ਦਾਅਵੇ ਦਾ ਖੰਡਨ
ਮਾਸਕੋ: ਰੂਸ ਦੇ ਵਿਦੇਸ਼ ਮੰਤਰਾਲੇ ਨੇ ਬਰਤਾਨੀਆ ਦੇ ਦਾਅਵੇ ਦਾ ਖੰਡਨ ਕੀਤਾ ਹੈ। ਮੰਤਰਾਲੇ ਨੇ ਕਿਹਾ ਕਿ ਬਰਤਾਨੀਆ ਦਾ ਵਿਦੇਸ਼ ਵਿਭਾਗ ਗਲਤ ਜਾਣਕਾਰੀ ਫੈਲਾ ਰਿਹਾ ਹੈ ਤੇ ਇਹ ਤਾਂ ਸਪੱਸ਼ਟ ਹੀ ਹੈ ਕਿ ਉਹ ਨਾਟੋ ਮੁਲਕ ਹੈ। ਨਾਟੋ ਗੱਠਜੋੜ ਦੇ ਮੁਲਕ ਯੂਕਰੇਨ ਦੁਆਲੇ ਤਣਾਅ ਵਧਾ ਰਹੇ ਹਨ। ਰੂਸ ਨੇ ਕਿਹਾ ਕਿ ਬਰਤਾਨੀਆ ਭੜਕਾਊ ਗਤੀਵਿਧੀਆਂ ਬੰਦ ਕਰੇ ਤੇ ਝੂਠ ਨਾ ਫੈਲਾਏ। -ਏਪੀ