ਨਵੀਂ ਦਿੱਲੀ, 1 ਫਰਵਰੀ
ਟੋਕੀਓ ਓਲੰਪਿਕ ਵਿਚ ਦੇਸ਼ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਇਸ ਵਾਰ ਖੇਡ ਬਜਟ ‘ਤੇ ਵੀ ਪ੍ਰਭਾਵ ਪਿਆ ਜਾਪਦਾ ਹੈ ਕਿਉਂਕਿ ਅੱਜ ਐਲਾਨੇ 2022-23 ਲਈ ਖੇਡ ਬਜਟ ਨੂੰ ਵਧਾ ਕੇ 3062.60 ਕਰੋੜ ਕਰ ਦਿੱਤਾ ਗਿਆ ਹੈ। ਇਹ ਪਿਛਲੇ ਸਾਲ ਨਾਲੋਂ 305.58 ਕਰੋੜ ਜ਼ਿਆਦਾ ਹੈ। ਪਿਛਲੇ ਸਾਲ ਸਰਕਾਰ ਨੇ ਖੇਡਾਂ ਲਈ 2596.14 ਕਰੋੜ ਦਾ ਬਜਟ ਰੱਖਿਆ ਸੀ ਬਾਅਦ ਵਿਚ ਇਸ ਨੂੰ ਵਧਾ ਕੇ 2757.02 ਕਰੋੜ ਕੀਤਾ ਗਿਆ ਸੀ।
ਇਸ ਵਾਰ ਭਾਰਤ ਨੇ ਟੋਕੀਓ ਓਲੰਪਿਕ ਵਿਚ ਸੱਤ ਮੈਡਲ ਜਿੱਤੇ। ਇਨ੍ਹਾਂ ਵਿਚ ਪਹਿਲੀ ਵਾਰ ਟਰੈਕ ਐਂਡ ਫੀਲਡ ਵਿਚ ਵੀ ਭਾਰਤ ਨੇ ਸੋਨ ਤਗਮਾ ਜਿੱਤਿਆ। ਦੋ ਵਿਸ਼ਵਪੱਧਰੀ ਖੇਡ ਮੁਕਾਬਲੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਅਤੇ ਹਾਂਗਜ਼ੂ ਏਸ਼ੀਅਨ ਖੇਡਾਂ ਕਰ ਕੇ ਮੁਲਕ ਵਿਚ ਖੇਡਾਂ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸੇ ਕਰ ਕੇ ਹੀ ਸਰਕਾਰ ਨੇ ਖੇਡਾਂ ‘ਤੇ ਜ਼ਿਆਦਾ ਖ਼ਰਚ ਕਰਨ ਦਾ ਫ਼ੈਸਲਾ ਕੀਤਾ ਹੈ।
ਮੰਗਲਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਿਛਲੇ ਵਿਤੀ ਸਾਲ 2021-22 ਦੇ ਬਜਟ ਨਾਲੋਂ 316.29 ਕਰੋੜ ਦੇ ਵਾਧੇ ਵਾਲਾ ਖੇਡ ਬਜਟ ਐਲਾਨਿਆ ਹੈ। ਪਿਛਲੇ ਬਜਟ ਵਿਚ ਖੇਲੋ ਇੰਡੀਆ ਪ੍ਰੋਗਰਾਮ ਲਈ 657.71 ਕਰੋੜ ਦਾ ਬਜਟ ਰੱਖਿਆ ਗਿਆ ਜਿਸ ਨੂੰ ਇਸ ਵਾਰ ਵਧਾ ਕੇ 974 ਕਰੋੜ ਕਰ ਦਿੱਤਾ ਗਿਆ ਹੈ।
ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਸਨਮਾਨਾਂ ਲਈ ਬਜਟ 245 ਕਰੋੜ ਤੋਂ ਵਧਾ ਕੇ 357 ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸਪੋਰਟਸ ਅਥਾਰਟੀ ਆਫ ਇੰਡੀਆ (ਐਸਏਆਈ) ਦਾ ਬਜਟ 7.41 ਕਰੋੜ ਘਟਾ ਕੇ 653 ਕਰੋੜ ਕਰ ਦਿੱਤਾ ਗਿਆ ਹੈ। ਐਸਏਆਈ ਕੌਮੀ ਕੈਂਪਾਂ ਦਾ ਪ੍ਰਬੰਧਨ, ਖਿਡਾਰੀਆਂ ਲਈ ਬੁਨਿਆਦੀ ਢਾਂਚਾ, ਸਾਜ਼ੋ-ਸਾਮਾਨ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਂਦੀ ਹੈ। ਰਾਸ਼ਟਰੀ ਖੇਡ ਵਿਕਾਸ ਫੰਡ ਲਈ ਬਜਟ ਨੌਂ ਕਰੋੜ ਰੁਪਏ ਘਟਾ ਕੇ 16 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਕੌਮੀ ਸੇਵਾ ਯੋਜਨਾ ਲਈ ਬਜਟ 165 ਕਰੋੜ ਰੁਪਏ ਤੋਂ 283.50 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਨੈਸ਼ਨਲ ਸਪੋਰਟਸ ਫੈਡਰੇਸ਼ਨਜ਼ ਲਈ 280 ਕਰੋੜ ਦੇ ਬਜਟ ਵਿਚ ਕੋਈ ਵਾਧਾ ਜਾਂ ਕਟੌਤੀ ਨਹੀਂ ਕੀਤੀ ਗਈ। -ਪੀਟੀਆਈ