ਪੇਈਚਿੰਗ: ਸਰਦ ਰੁੱਤ ਓਲੰਪਿਕ ਲਈ ਪੇਈਚਿੰਗ ਹਵਾਈ ਅੱਡੇ ਪਹੁੰਚੇ ਭਾਰਤੀ ਦਲ ਦੇ ਮੈਨੇਜਰ ਮੁਹੰਮਦ ਅੱਬਾਸ ਵਾਨੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਅੱਬਾਸ ਵਾਨੀ ਛੇ ਮੈਂਬਰੀ ਭਾਰਤੀ ਦਲ ਦਾ ਹਿੱਸਾ ਹਨ, ਜਿਨ੍ਹਾਂ ਵਿੱਚ ਇੱਕਮਾਤਰ ਖਿਡਾਰੀ ਜੰਮੂ ਕਸ਼ਮੀਰ ਦੇ ਸਕੀਅਰ ਆਰਿਫ ਖਾਨ ਹਨ ਜੋ ਸਲਾਲੋਮ ਤੇ ਜਾਇੰਟ ਸਲਾਲੋਮ ਵਰਗ ਵਿੱਚ ਹਿੱਸਾ ਲੈਣਗੇ। ਭਾਰਤੀ ਦਲ ਵਿੱਚ ਮੁਖੀ ਹਰਜਿੰਦਰ ਸਿੰਘ ਤੇ ਐੱਲ ਸੀ ਠਾਕੁਰ ਅਲਪਾਈਨ ਕੋਚ, ਪੂਰਨ ਚੰਦ ਤਕਨੀਸ਼ੀਅਨ ਤੇ ਰੂਪ ਚੰਦ ਨੇਗੀ ਟੀਮ ਅਧਿਕਾਰੀ ਵਜੋਂ ਸ਼ਾਮਲ ਹਨ। ਸ੍ਰੀ ਵਾਨੀ ਨੇ ਟਵੀਟ ਕੀਤਾ,’ਮੈਂ ਓਲੰਪਿਕ ਖੇਡ ਪਿੰਡ ਵਿੱਚ ਆਪਣੇ ਹੋਟਲ ਦੇ ਕਮਰੇ ਵਿੱਚ ਏਕਾਂਤਵਾਸ ਹਾਂ ਤੇ ਮੈਨੂੰ ਕਮਰੇ ਅੰਦਰ ਹੀ ਰਹਿਣ ਲਈ ਕਿਹਾ ਗਿਆ ਹੈ ਜਦਕਿ ਮੇਰੇ ਦੂਜੇ ਕਰੋਨਾ ਟੈਸਟ ਦਾ ਨਤੀਜਾ ਨਹੀਂ ਆ ਜਾਂਦਾ। ਮੈਂ ਹੁਣ ਪੂਰੀ ਤਰ੍ਹਾਂ ਠੀਕ ਹਾਂ ਤੇ ਮੇਰੇ ਅੰਦਰ ਕੋਈ ਲੱਛਣ ਦਿਖਾਈ ਨਹੀਂ ਦੇ ਰਹੇ ਹਨ।’ ਇਸ ਦੌਰਾਨ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਬੱਤਰਾ ਨੇ ਦੱਸਿਆ ਕਿ ਹਰਜਿੰਦਰ ਸਿੰਘ ਵੱਲੋਂ ਸਰਦ ਰੁੱਤ ਓਲੰਪਿਕ ਦੇ ਪ੍ਰਬੰਧਕਾਂ ਨਾਲ ਅੱਬਾਸ ਵਾਨੀ ਦਾ ਕਰੋਨਾ ਟੈਸਟ ਮੁੜ ਕਰਵਾਉਣ ਲਈ ਗੱਲਬਾਤ ਕਰ ਰਹੇ ਹਨ। -ਪੀਟੀਆਈ