ਓਟਵਾ, 4 ਫਰਵਰੀ
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਨੂੰ ਰੋਕਣ ਲਈ ਚੁਕੇ ਕਦਮਾਂ ਖ਼ਿਲਾਫ਼ ਪ੍ਰਦਰਸ਼ਨਾਂ ‘ਤੇ ਫੌਜੀ ਕਾਰਵਾਈ ਕਰਨ ਬਾਰੇ ਇਸ ਸਮੇਂ ਕੋਈ ਵਿਚਾਰ ਨਹੀਂ ਹੈ। ਓਟਵਾ ਦੇ ਪੁਲੀਸ ਮੁਖੀ ਪੀਟਰ ਸਲੋਲੀ ਨੇ ਇਸ ਹਫ਼ਤੇ ਕਿਹਾ ਸੀ ਕਿ ਦੇਸ਼ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਖਤਮ ਕਰਨ ਲਈ ਫੌਜੀ ਮਦਦ ਸਮੇਤ ਹੋਰ ਕਈ ਰਾਹ ਖੁੱਲ੍ਹੇ ਹਨ। ਕਰੋਨਾ ਵੈਕਸੀਨੇਸ਼ਨ ਅਤੇ ਹੋਰ ਪਾਬੰਦੀਆਂ ਦਾ ਵਿਰੋਧ ਕਰਨ ਲਈ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਪਿਛਲੇ ਹਫ਼ਤੇ ਤੋਂ ਸੰਸਦ ਨੂੰ ਘੇਰਿਆ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਦੀ ਧਰਤੀ ‘ਤੇ ਫੌਜ ਦੀ ਤਾਇਨਾਤੀ ਬਾਰੇ “ਬਹੁਤ ਸਾਵਧਾਨ” ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਘੀ ਸਰਕਾਰ ਕੋਲ ਅਜਿਹੀ ਕੋਈ ਮੰਗ ਨਹੀਂ ਆਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਓਟਵਾ ਜਾਂ ਓਂਟਾਰੀਓ ਸ਼ਹਿਰ ਤੋਂ ਸਹਾਇਤਾ ਲਈ ਅਜਿਹੀ ਕਿਸੇ ਵੀ ਬੇਨਤੀ ‘ਤੇ ਵਿਚਾਰ ਕੀਤਾ ਜਾਵੇਗਾ।