12.4 C
Alba Iulia
Thursday, May 16, 2024

ਚੀਨ ਵਿਚ ਸਰਦ ਰੁੱਤ ਓਲੰਪਿਕ ਖੇਡਾਂ ਦਾ ਆਗਾਜ਼

Must Read


ਪੇਈਚਿੰਗ, 4 ਫਰਵਰੀ

ਜਿਸ ਦੇਸ਼ ਵਿਚ ਦੋ ਸਾਲ ਪਹਿਲਾਂ ਕਰੋਨਾਵਾਇਰਸ ਦਾ ਕਹਿਰ ਢਹਿਆ ਸੀ, ਉਸ ਮੁਲਕ ਨੇ ਅੱਜ ਇੱਥੇ ਤਾਲਾਬੰਦੀ ਵਿਚਾਲੇ ਸਰਦ ਰੁੱਤ ਓਲੰਪਿਕ ਖੇਡਾਂ ਦੀ ਸ਼ੁਰੂਆਤ ਕੀਤੀ। ਭਾਰਤ ਸਣੇ ਕਈ ਦੇਸ਼ਾਂ ਨੇ ਇਨ੍ਹਾਂ ਖੇਡਾਂ ਦੇ ਉਦਘਾਟਨੀ ਤੇ ਸਮਾਪਤੀ ਸਮਾਰੋਹਾਂ ਦਾ ਕੂਟਨੀਤਕ ਬਾਈਕਾਟ ਕੀਤਾ ਹੈ ਪਰ ਚੀਨ ਮਾਣ ਨਾਲ ਵਿਸ਼ਵ ਪੱਧਰ ‘ਤੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰ ਰਿਹਾ ਹੈ।

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇੱਥੇ ਬਰਫ ਅਤੇ ਸਰਦੀ ਦੇ ਮੌਸਮ ਵਰਗੇ ਮਾਹੌਲ ਵਿਚ ਨੈਸ਼ਨਲ ਸਟੇਡੀਅਮ ਵਿਚ ਕਰਵਾਏ ਗਏ ਉਦਘਾਟਨੀ ਸਮਾਰੋਹ ਦੌਰਾਨ ਖੇਡਾਂ ਦੇ ਸ਼ੁਰੂ ਹੋਣ ਦਾ ਐਲਾਨ ਕੀਤਾ। ਅਥਲੀਟ ਜ਼ਾਓ ਜਿਆਵੇਨ ਅਤੇ ਦੇੇਸ਼ ਦੇ ਉਈਗਰ ਮੁਸਲਿਮ ਘੱਟ ਗਿਣਤੀ ਵਰਗ ਦੇ ਇਕ ਮੈਂਬਰ ਡਿਨੀਗੀਰ ਯਿਲਾਮੁਜਿਆਂਗ ਨੇ ਆਖ਼ਰੀ ਓਲੰਪਿਕ ਲਾਟ ਪ੍ਰਦਾਨ ਕੀਤੀ। ਯਿਲਾਮੁਜਿਆਂਗ ਦੀ ਚੋਣ ਨੂੰ ਪ੍ਰਤਿਕਾਤਮਕ ਮੰਨਿਆ ਜਾ ਰਿਹਾ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਪੇਈਚਿੰਗ ਸਰਕਾਰ ਨੇ ਵੱਡੀ ਪੱਧਰ ‘ਤੇ ਉਈਗਰਾਂ ਦਾ ਸ਼ੋਸ਼ਣ ਕੀਤਾ ਹੈ।

ਇਸੇ ਬਰਡਜ਼ ਨੈਸਟ (ਚਿੜੀਆਂ ਦੇ ਆਲ੍ਹਣੇ ਵਾਂਗ) ਸਟੇਡੀਅਮ ਨੇ 2008 ਦੇ ਗਰਮੀਆਂ ਦੇ ਓਲੰਪਿਕ ਦੇ ਉਦਘਾਟਨੀ ਸਮਾਰੋਹ ਦੀ ਮੇਜ਼ਬਾਨੀ ਕੀਤੀ ਸੀ। ਇਸ ਦੇ ਨਾਲ ਹੀ ਪੇਈਚਿੰਗ ਗਰਮੀਆਂ ਤੇ ਸਰਦ ਰੁੱਤ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਵਾਲਾ ਦੁਨੀਆ ਦਾ ਪਹਿਲਾ ਸ਼ਹਿਰ ਬਣ ਗਿਆ ਹੈ।

ਮਹਾਮਾਰੀ ਦੇ ਦੌਰ ਵਿਚ ਟੋਕੀਓ (ਗਰਮੀ ਦੀਆਂ ਓਲੰਪਿਕ) ਤੋਂ ਬਾਅਦ ਪਿਛਲੇ ਛੇ ਮਹੀਨੇ ਵਿਚ ਇਹ ਦੂਜਾ ਓਲੰਪਿਕ ਹੈ। ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਲੈ ਕੇ ਅਮਰੀਕਾ ਅਤੇ ਯੂਰੋਪ ਦੇ ਕਈ ਦੇਸ਼ਾਂ ਦੇ ਵਿਰੋਧ ਤੋਂ ਬਾਅਦ ਵੀ ਉਦਘਾਟਨੀ ਸਮਾਰੋਹ ਵਿਚ ਵਿਸ਼ਵ ਦੇ ਕਈ ਆਗੂਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਸਭ ਤੋਂ ਜ਼ਿਕਰਯੋਗ ਨਾਮ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦਾ ਹੈ। ਯੂਕਰੇਨ ਦੇ ਨਾਲ ਜਾਰੀ ਸਰਹੱਦ ਵਿਵਾਦ ਵਿਚਾਲੇ ਪੂਤਿਨ ਨੇ ਸਮਾਰੋਹ ਤੋਂ ਪਹਿਲਾਂ ਦਿਨ ਵਿਚ ਸ਼ੀ ਜਿਨਪਿੰਗ ਨਾਲ ਨਿੱਜੀ ਤੌਰ ‘ਤੇ ਮੁਲਾਕਾਤ ਕੀਤੀ।

ਭਾਰਤ ਨੇ ਵੀਰਵਾਰ ਨੂੰ ਐਲਾਨ ਕੀਤਾ ਸੀ ਕਿ ਪੇਈਚਿੰਗ ਵਿਚ ਭਾਰਤੀ ਦੂਤਾਵਾਸ ਦੇ ਮਾਮਲਿਆਂ ਦੇ ਮੁਖੀ 2022 ਸਰਦ ਰੁੱਤ ਓਲੰਪਿਕ ਦੇ ਉਦਘਾਟਨੀ ਜਾਂ ਸਮਾਪਤੀ ਸਮਾਰੋਹ ਵਿਚ ਹਿੱਸਾ ਨਹੀਂ ਲੈਣਗੇ ਕਿਉਂਕਿ ਚੀਨ ਨੇ ਗਲਵਾਨ ਵਾਦੀ ਝੜਪ ਵਿਚ ਸ਼ਾਮਲ ਫ਼ੌਜੀ ਕਮਾਂਡਰ ਨੂੰ ਇਸ ਵੱਕਾਰੀ ਖੇਡ ਮੁਕਾਬਲੇ ਦੀ ਮਸ਼ਾਲ ਉਠਾਉਣ ਦੀ ਜ਼ਿੰਮੇਵਾਰੀ ਸੰਭਾਲ ਕੇ ਸਨਮਾਨਿਤ ਕੀਤਾ ਹੈ। ਇਨ੍ਹਾਂ ਕੂਟਨੀਤਕ ਮੁੱਦਿਆਂ ਦੌਰਾਨ ਚੀਨ ਨੇ ਆਪਣੀ ਸੱਭਿਆਚਾਰਕ ਝਲਕ ਦਾ ਪ੍ਰਦਰਸ਼ਨ ਕੀਤਾ।

ਅਧਿਕਾਰਤ ਸਮਾਰੋਹ ਵਿਚ ਪਹਿਲਾਂ ਕਲਾਕਾਰਾਂ ਨੇ ਵੱਖ-ਵੱਖ ਤਰ੍ਹਾਂ ਦੇ ਰੰਗੀਨ ਸਫੈਦ ਸਨੋਅ ਸੂਟਾਂ ਵਿਚ ਮਨੋਰੰਜਨ ਕੀਤਾ। ਇਸ ਦੌਰਾਨ ਲੋਕਾਂ ਨੇ ਪਾਂਡਾ ਨਾਲ ਮਸਤੀ ਕੀਤੀ। ਅਧਿਕਾਰੀਆਂ ਨੇ ਚੋਣਵੇਂ ਲੋਕਾਂ ਦੇ ਸਮੂਹ ਨੂੰ ਪ੍ਰੋਗਰਾਮਾਂ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ। ਇਸ ਦੌਰਾਨ ਦਰਸ਼ਕ ਆਪਣੇ ਫੋਨਾਂ ਦੀ ਰੋਸ਼ਨੀ ਨਾਲ ਸਮਾਰੋਹ ਵਿਚ ਪੇਸ਼ਕਾਰੀ ਦੇਣ ਵਾਲਿਆਂ ਦੀ ਹੌਸਲਾ-ਅਫ਼ਜ਼ਾਈ ਕਰ ਰਹੇ ਸਨ। ਇਸ ਮੌਕੇ ਰੋਸ਼ਨੀ ਤੇ ਲੇਜ਼ਰ ਲਾਈਟਾਂ ਨਾਲ ਸ਼ਾਨਦਾਰ ਪੇਸ਼ਕਾਰੀ ਦਿੱਤੀ ਗਈ ਅਤੇ ਫਿਰ ਕਮਾਲ ਦੀ ਆਤਿਸ਼ਬਾਜ਼ੀ ਦਾ ਨਜ਼ਾਰਾ ਦੇਖਿਆ ਗਿਆ। ਇਨ੍ਹਾਂ ਖੇਡਾਂ ਦੀ ਮੁੱਖ ਮਸ਼ਾਲ ਰੋਸ਼ਨ ਹੋਣ ਮਗਰੋਂ ਹਾਲਾਂਕਿ ਇਸ ਗੱਲ ਦੀ ਆਸ ਹੋਵੇਗੀ ਕਿ ਭੂ-ਰਾਜਨੀਤਕ ਮੁੱਦਿਆਂ ਨੂੰ ਪਿੱਛੇ ਛੱਡ ਕੇ ਸਾਰਿਆਂ ਦਾ ਧਿਆਨ ਅਥਲੀਟਾਂ ਦੇ ਪ੍ਰਦਰਸ਼ਨ ‘ਤੇ ਰਹੇਗਾ। -ਏਪੀ

ਸਕੀਅਰ ਆਰਿਫ਼ ਖਾਨ ਨੇ ਕੀਤੀ ਭਾਰਤੀ ਟੀਮ ਦੀ ਅਗਵਾਈ

ਪੇਈਚਿੰਗ: ਸਕੀਅਰ ਆਰਿਫ਼ ਖਾਨ ਨੇ ਅੱਜ ਇੱਥੇ ਸਰਦ ਰੁੱਤ ਓਲੰਪਿਕ ਦੇ ਉਦਘਾਟਨੀ ਸਮਾਰੋਹ ਦੌਰਾਨ ਛੋਟੀ ਜਿਹੀ ਭਾਰਤੀ ਟੀਮ ਦੀ ਅਗਵਾਈ ਕੀਤੀ। ਹਾਲਾਂਕਿ ਦੇਸ਼ ਨੇ ਸਮਾਰੋਹ ਦੇ ਕੂਟਨੀਤਕ ਬਾਈਕਾਟ ਦਾ ਫ਼ੈਸਲਾ ਲਿਆ ਹੈ। ਖੇਡਾਂ ਵਿਚ ਸਿਰਫ਼ ਇਕਮਾਤਰ ਭਾਰਤੀ ਦੇ ਰੂਪ ਵਿਚ 31 ਸਾਲਾ ਸਕੀਅਰ ਆਰਿਫ ਹਿੱਸਾ ਲਵੇਗਾ ਜਿਸ ਨੇ ਸਲਾਲੋਮ ਅਤੇ ਜਾਇੰਟ ਸਲਾਲੋਮ ਮੁਕਾਬਲੇ ਲਈ ਕੁਆਲੀਫਾਈ ਕੀਤਾ ਹੈ। ਭਾਰਤ ਨੇ ਇਕ ਕੋਚ, ਇਕ ਟੈਕਨੀਸ਼ੀਅਨ ਅਤੇ ਇਕ ਟੀਮ ਮੈਨੇਜਰ ਸਣੇ ਛੇ ਮੈਂਬਰੀ ਟੀਮ ਭੇਜੀ ਹੈ। ਆਰਿਫ ਖੇਡਾਂ ਦੇ ਇਕ ਹੀ ਗੇੜ ਵਿਚ ਦੋ ਮੁਕਾਬਲਿਆਂ ਲਈ ਕੁਆਲੀਫਾਈ ਕਰਨ ਵਾਲਾ ਪਹਿਲਾ ਭਾਰਤੀ ਹੈ ਅਤੇ ਉਸ ਦੇ ਮੁਕਾਬਲੇ 13 ਅਤੇ 16 ਫਰਵਰੀ ਨੂੰ ਹੋਣਗੇ। ਬਰਡਜ਼ ਨੈਸਟ ਸਟੇਡੀਅਮ ਵਿਚ ਹੋਏ ਖੇਡਾਂ ਦੇ ਉਦਘਾਟਨੀ ਸਮਾਰੋਹ ਵਿਚ ਭਾਰਤੀ ਟੀਮ 23ਵੇਂ ਨੰਬਰ ‘ਤੇ ਉਤਰੀ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -