ਅਹਿਮਦਾਬਾਦ: ਭਾਰਤ ਨੇ ਅੱਜ ਇੱਥੇ ਦੂਜੇ ਇਕ ਰੋਜ਼ਾ ਕੌਮਾਂਤਰੀ ਮੈਚ ਵਿਚ ਵੈਸਟ ਇੰਡੀਜ਼ ਨੂੰ 44 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿਚ 2-0 ਨਾਲ ਅਜਿੱਤ ਲੀਡ ਕਾਇਮ ਕਰ ਲਈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 9 ਵਿਕਟਾਂ ਉਤੇ 237 ਦੌੜਾਂ ਬਣਾਈਆਂ। ਭਾਰਤ ਵੱਲੋਂ ਸੂਰਿਆਕੁਮਾਰ ਯਾਦਵ ਨੇ 64 ਦੌੜਾਂ ਬਣਾਈਆਂ। ਭਾਰਤ ਨੇ ਤਿੰਨ ਵਿਕਟਾਂ 43 ਦੌੜਾਂ ਉਤੇ ਹੀ ਗੁਆ ਲਈਆਂ ਸਨ ਪਰ ਯਾਦਵ ਤੇ ਉਪ ਕਪਤਾਨ ਕੇਐਲ ਰਾਹੁਲ (49) ਨੇ ਚੌਥੇ ਵਿਕਟ ਲਈ 91 ਦੌੜਾਂ ਜੋੜੀਆਂ। ਵੈਸਟ ਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਸੀ। ਵੈਸਟ ਇੰਡੀਜ਼ ਵੱਲੋਂ ਕੇਮਾਰ ਰੋਚ ਤੇ ਅਲਜਾਰੀ ਜੋਸਫ਼ ਨੇ ਕਸਵੀਂ ਗੇਂਦਬਾਜ਼ੀ ਕੀਤੀ। ਗੇਂਦਬਾਜ਼ ਓਡੀਅਨ ਸਮਿਥ ਨੇ 29 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟਇੰਡੀਜ਼ ਦੀ ਟੀਮ ਵੱਲੋਂ ਸ਼ਮਰ ਬਰੁੱਕਸ ਨੇ 44 ਦੌੜਾਂ ਦਾ ਯੋਗਦਾਨ ਦਿੱਤਾ। ਪੂਰੀ ਮਹਿਮਾਨ ਟੀਮ 46 ਓਵਰਾਂ ਵਿਚ 193 ਦੌੜਾਂ ਬਣਾ ਕੇ ਆਊਟ ਹੋ ਗਈ। -ਪੀਟੀਆਈ
ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲੀ ਅੰਡਰ-19 ਟੀਮ ਦਾ ਸਨਮਾਨ
ਅਹਿਮਦਾਬਾਦ: ਅੰਡਰ-19 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਦਾ ਅੱਜ ਇੱਥੇ ਬੀਸੀਸੀਆਈ ਵੱਲੋਂ ਸਨਮਾਨ ਕੀਤਾ ਗਿਆ। ਸਨਮਾਨ ਸਮਾਗਮ ਇੱਥੇ ਹੋਏ ਇਕ ਰੋਜ਼ਾ ਮੈਚ ਦੌਰਾਨ ਕੀਤਾ ਗਿਆ। ਜੂਨੀਅਰ ਖਿਡਾਰੀਆਂ ਨੇ ਪਹਿਲਾਂ ਨਰਿੰਦਰ ਮੋਦੀ ਸਟੇਡੀਅਮ ਵਿਚ ਸੀਨੀਅਰ ਖਿਡਾਰੀਆਂ ਦਾ ਮੈਚ ਦੇਖਿਆ। ਸਾਬਕਾ ਭਾਰਤੀ ਬੱਲੇਬਾਜ਼ ਤੇ ਐਨਸੀਏ ਮੁਖੀ ਵੀਵੀਐਕਸ ਲਕਸ਼ਮਣ ਜੋ ਕਿ ਮੈਚਾਂ ਦੌਰਾਨ ਜੂਨੀਅਰ ਟੀਮ ਦੇ ਨਾਲ ਸਨ, ਵੀ ਇਸ ਮੌਕੇ ਮੌਜੂਦ ਸਨ। ਇਸ ਤੋਂ ਇਲਾਵਾ ਬੀਸੀਸੀਆਈ ਦੇ ਸਕੱਤਰ ਜੈ ਸ਼ਾਹ, ਖ਼ਜਾਨਚੀ ਅਰੁਣ ਧੂਮਲ ਤੇ ਹੋਰ ਵੀ ਇਸ ਮੌਕੇ ਹਾਜ਼ਰ ਸਨ। ਇਸ ਮੌਕੇ ਹਰੇਕ ਖਿਡਾਰੀ ਨੂੰ 40-40 ਲੱਖ ਰੁਪਏ ਅਤੇ ਸਟਾਫ਼ ਨੂੰ 25-25 ਲੱਖ ਰੁਪਏ ਦਿੱਤੇ ਗਏ। ਭਾਰਤ ਦੀ ਅੰਡਰ-19 ਟੀਮ ਮੰਗਲਵਾਰ ਵਤਨ ਪਰਤੀ ਸੀ। ਇਸ ਤੋਂ ਬਾਅਦ ਟੀਮ ਅਹਿਮਦਾਬਾਦ ਗਈ। ਐਂਟੀਗਾ ਵਿਚ ਹੋਏ ਫਾਈਨਲ ਮੈਚ ਵਿਚ ਟੀਮ ਨੇ ਇੰਗਲੈਂਡ ਨੂੰ ਚਾਰ ਵਿਕਟਾਂ ਨਾਲ ਹਰਾਇਆ ਸੀ। -ਪੀਟੀਆਈ