ਚੰਡੀਗੜ੍ਹ: ਸਿੱਧੀ-ਸਾਧੀ, ਅਸਲੀ ਜ਼ਿੰਦਗੀ ਦੀਆਂ ਕਹਾਣੀਆਂ ਅਤੇ ਬਹੁ-ਅਯਾਮੀ ਅਦਾਕਾਰੀ ਹੰਸਲ ਮਹਿਤਾ ਦੇ ਨਿਰਦੇਸ਼ਨ ਨੂੰ ਹੋਰਨਾਂ ਨਾਲੋਂ ਨਿਖੇੜਦੇ ਹਨ। ਕਈ ਸਨਮਾਨ ਹਾਸਲ ਕਰਨ ਵਾਲੇ ਨਿਰਦੇਸ਼ਕ ਮਹਿਤਾ ਆਪਣੀਆਂ ਫਿਲਮਾਂ ਵਿੱਚ ਮੌਜੂਦਾ ਸਮੇਂ ਦੀਆਂ ਸਚਾਈਆਂ ਨੂੰ ਦਿਖਾਉਂਦਾ ਹੈ। ਉਹ ਦਰਸ਼ਕਾਂ ਨੂੰ ਯਾਦਗਾਰੀ ਕਿਰਦਾਰ ਅਤੇ ਮਾਨਵੀ ਕਹਾਣੀਆਂ ਦਿੰਦੇ ਹਨ। ਨੈੱਟਫਲਿਕਸ ਨਾਲ ਸਾਂਝੇਦਾਰੀ ਤਹਿਤ ਹੰਸਲ ਮਹਿਤਾ ਇਸ ਆਨਲਾਈਨ ਪਲੈਟਫਾਰਮ ਲਈ ਪਹਿਲੀ ਵਾਰ ਸੀਰੀਜ਼ ‘ਸਕੂਪ’ ਦਾ ਨਿਰਦੇਸ਼ਨ ਕਰ ਰਿਹਾ ਹੈ। ਇਸ ਦੀ ਸ਼ੂਟਿੰਗ ਮੈਚਬੌਕਸ ਸ਼ੌਟਸ ਦੀ ਪ੍ਰੋਡਕਸ਼ਨ ਤਹਿਤ ਹਾਲ ਹੀ ਵਿੱਚ ਸ਼ੁਰੂ ਹੋਈ। ਇਹ ਸੀਰੀਜ਼ ਜਿਗਨਾ ਵੋਰਾ ਦੀ ਕਿਤਾਬ ‘ਬਿਹਾਈਂਡ ਦਾ ਬਾਰਜ ਇਨ ਬਾਇਕੁਲਾ: ਮਾਈ ਡੇਅਜ਼ ਇਨ ਪ੍ਰਿਜ਼ਨ’ ਉੱਤੇ ਆਧਾਰਿਤ ਹੈ। ਇਹ ਇੱਕ ਕਰਾਈਮ ਪੱਤਰਕਾਰ ਜਾਗਰਤੀ ਪਾਠਕ ਦੀ ਯਾਤਰਾ ‘ਤੇ ਰੋਸ਼ਨੀ ਪਾਉਂਦੀ ਹੈ। ਉਸ ਦੀ ਜ਼ਿੰਦਗੀ ਵਿੱਚ ਵੱਡਾ ਮੋੜ ਆਉਂਦਾ ਹੈ ਜਦੋਂ ਪੱਤਰਕਾਰ ਜਾਗਰਤੀ ‘ਤੇ ਉਸ ਦੇ ਸਾਥੀ ਪੱਤਰਕਾਰ ਜੈਦੇਵ ਸੇਨ ਦੇ ਕਤਲ ਦਾ ਦੋਸ਼ ਲਗਦਾ ਹੈ। ਉਹ ਉਨ੍ਹਾਂ ਲੋਕਾਂ ਨਾਲ ਹੀ ਜੇਲ੍ਹ ਵਿੱਚ ਬੰਦ ਕਰ ਦਿੱਤੀ ਜਾਂਦੀ ਹੈ ਜਿਨ੍ਹਾਂ ਬਾਰੇ ਉਹ ਖ਼ਬਰਾਂ ਇਕੱਠੀਆਂ ਕਰਦੀ ਸੀ। -ਟ੍ਰਿਬਿਊਨ ਵੈੱਬ ਡੈਸਕ