ਮੁੰਬਈ: ਸੋਸ਼ਲ ਮੀਡੀਆ ‘ਤੇ ਆਪਣੀ ਸਰੀਰਕ ਦਿੱਖ ਦੇ ਹੋੲੇ ਮਜ਼ਾਕ ਤੋਂ ਬਾਅਦ ਅਦਾਕਾਰਾ ਕਾਜਲ ਅਗਰਵਾਲ ਨੇ ਗਰਭਵਤੀ ਔਰਤਾਂ ਦੇ ਹੁੰਦੇ ਸਰੀਰਕ ਬਦਲਾਅ ਸਬੰਧੀ ਇੱਕ ਲੰਮਾ-ਚੌੜਾ ਪੱਤਰ ਲਿਖਿਆ ਹੈ। ਜਾਣਕਾਰੀ ਅਨੁਸਾਰ ਕਾਜਲ ਅਤੇ ਉਸ ਦੇ ਪਤੀ ਗੌਤਮ ਕਿਚਲੂ ਦੇ ਘਰ ਪਹਿਲਾ ਬੱਚਾ ਹੋਣ ਵਾਲਾ ਹੈ। ਉਸ ਨੇ ਟਵਿੱਟਰ ‘ਤੇ ਆਪਣੀ ਤਸਵੀਰ ਵੀ ਸਾਂਝੀ ਕੀਤੀ, ਜਿਸ ਵਿੱਚ ਉਸ ਦਾ ਉਭਰਿਆ ਹੋਇਆ ਪੇਟ ਨਜ਼ਰ ਆ ਰਿਹਾ ਹੈ। 36 ਸਾਲਾ ਅਦਾਕਾਰਾ ਨੇ ਟਵੀਟ ਕੀਤਾ, ”ਮੈਂ ਜ਼ਿੰਦਗੀ ਵਿੱਚ ਆਪਣੇ ਸਰੀਰ, ਆਪਣੇ ਘਰ ਅਤੇ ਸਭ ਤੋਂ ਮਹੱਤਵਪੂਰਨ ਆਪਣੇ ਕੰਮ ਵਾਲੀ ਥਾਂ ਵਾਪਰ ਰਹੀਆਂ ਹੈਰਾਨਕੁਨ ਤਬਦੀਲੀਆਂ ਨਾਲ ਦੋ-ਚਾਰ ਹੋ ਰਹੀ ਹਾਂ। ਸਰੀਰਕ ਦਿੱਖ ਸਬੰਧੀ ਮੀਮਜ਼ ਅਤੇ ਟਿੱਪਣੀਆਂ ਕਰਨਾ ਸਹੀ ਨਹੀਂ । ਸਿਆਣੇ ਬਣੋ ਅਤੇ ਇਹ ਬਹੁਤ ਔਖਾ ਲੱਗਦਾ ਹੈ… ਜੀਓ ਅਤੇ ਜਿਊਣ ਦਿਓ।” ਉਸ ਨੇ ਕਿਹਾ, ”ਮੈਂ ਉਨ੍ਹਾਂ ਲਈ ਕੁਝ ਵਿਚਾਰ ਸਾਂਝੇ ਕਰ ਰਹੀ ਹਾਂ, ਜੋ ਆਪਣੇ ਜੀਵਨ ਵਿੱਚ ਅਜਿਹੇ ਹਾਲਾਤ ‘ਚੋਂ ਗੁਜ਼ਰ ਰਹੇ ਹਨ ਅਤੇ ਉਨ੍ਹਾਂ ‘ਮੂਰਖਾਂ’ ਲਈ ਵੀ, ਜੋ ਇਸ ਨੂੰ ਬਿਲਕੁਲ ਨਹੀਂ ਸਮਝਦੇ।” ਅਦਾਕਾਰਾ ਨੇ ਕਿਹਾ ਗਰਭ ਅਵਸਥਾ ਦੌਰਾਨ ਔਰਤਾਂ ਦੇ ਸਰੀਰ ਵਿੱਚ ਭਾਰ ਵਧਣ ਸਮੇਤ ਹੋਰ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਹਨ। ਹਾਰਮੋਨਜ਼ ਦੀ ਤਬਦੀਲੀ ਤੋਂ ਇਲਾਵਾ ਔਰਤਾਂ ਆਮ ਨਾਲੋਂ ਜ਼ਿਆਦਾ ਥਕਾਵਟ ਮਹਿਸੂਸ ਕਰ ਸਕਦੀਆਂ ਹਨ। ਰਵੱਈਆ ਬਦਲਦਾ ਹੈ ਅਤੇ ਪਹਿਲਾਂ ਵਾਲੀ ਅਵਸਥਾ ‘ਚ ਆਉਣ ਲਈ ਥੋੜ੍ਹਾ ਸਮਾਂ ਲੱਗ ਸਕਦਾ ਹੈ। ਉਸ ਨੇ ਕਿਹਾ, ”ਅਜਿਹਾ ਵੀ ਹੋ ਸਕਦਾ ਹੈ ਕਿ ਅਸੀਂ ਪਹਿਲਾਂ ਵਾਂਗ ਕਦੇ ਨਾ ਦਿੱਖ ਸਕੀਏ ਅਤੇ ਇਹ ਵੀ ਠੀਕ ਹੈ। ਇਹ ਤਬਦੀਲੀਆਂ ਕੁਦਰਤੀ ਹਨ ਅਤੇ ਖਾਸ ਕਰਕੇ ਉਦੋਂ ਜਦੋਂ ਅਸੀਂ ਆਪਣੀ ਜ਼ਿੰਦਗੀ ਨਾਲ ਨਵੀਂਂ ਕੜੀ ਜੋੜਨ ਲਈ ਸੰਘਰਸ਼ ਕਰ ਰਹੇ ਹਾਂ। ਸਾਨੂੰ ਅਸਾਧਾਰਨ ਮਹਿਸੂਸ ਕਰਨ ਦੀ ਜ਼ਰੂਰਤ ਨਹੀਂ। ਕਿਸੇ ਰੂੜੀਬੱਧ ਸੋਚ ਅਨੁਸਾਰ ਚੱਲਣ ਦੀ ਜ਼ਰੂਰਤ ਨਹੀਂ। ਸਾਨੂੰ ਸਾਡੀ ਜ਼ਿੰਦਗੀ ਦੇ ਸਭ ਤੋਂ ਸੁੰਦਰ, ਚਮਤਕਾਰੀ ਅਤੇ ਕੀਮਤੀ ਪੜਾਅ ਦੌਰਾਨ ਬੇਚੈਨ ਹੋਣ ਜਾਂ ਆਪਣੇ ‘ਤੇ ਦਬਾਅ ਪਾਉਣ ਦੀ ਜ਼ਰੂਰਤ ਨਹੀਂ।” ਜ਼ਿਕਰਯੋਗ ਹੈ ਕਿ ‘ਡਾਰਲਿੰਗ’, ‘ਬਿਜ਼ਨਸਮੈਨ’, ‘ਟੈਂਪਰ’ ਵਰਗੀਆਂ ਤੇਲਗੂ ਫਿਲਮਾਂ ਅਤੇ ‘ਸਿੰਘਮ’, ‘ਸਪੈਸ਼ਲ 26’ ਅਤੇ ‘ਮੁੰਬਈਸਾਗਾ’ ਵਰਗੀਆਂ ਹਿੰਦੀ ਫਿਲਮਾਂ ਲਈ ਮਸ਼ਹੂਰ ਕਾਜਲ ਅਗਰਵਾਲ ਦਾ ਵਿਆਹ 2020 ਵਿਚ ਗੌਤਮ ਕਿਚਲੂ ਨਾਲ ਹੋਇਆ ਸੀ। -ਪੀਟੀਆਈ