ਅਹਿਮਦਾਬਾਦ: ਵੈਸਟਇੰਡੀਜ਼ ਖ਼ਿਲਾਫ਼ ਭਲਕੇ ਹੋਣ ਵਾਲੇ ਤੀਜੇ ਇਕ ਰੋਜ਼ਾ ਕ੍ਰਿਕਟ ਮੈਚ ‘ਚ ਭਾਰਤ ਦੀਆਂ ਨਜ਼ਰਾਂ ਕਲੀਨ ਸਵੀਪ ‘ਤੇ ਹੋਣਗੀਆਂ ਜਦਕਿ ਸ਼ਿਖਰ ਧਵਨ ਦੀ ਵਾਪਸੀ ਨਾਲ ਬੱਲੇਬਾਜ਼ੀ ਨੂੰ ਹੋਰ ਮਜ਼ਬੂਤੀ ਮਿਲੇਗੀ। ਪਹਿਲੇ ਦੋ ਮੈਚ ਭਾਰਤ ਨੇ ਆਸਾਨੀ ਨਾਲ ਜਿੱਤੇ ਸਨ। ਸਲਾਮੀ ਬੱਲੇਬਾਜ਼ ਧਵਨ ਸਮੇਤ ਚਾਰ ਖਿਡਾਰੀ ਇਕ ਰੋਜ਼ਾ ਮੈਚਾਂ ਦੀ ਲੜੀ ਸ਼ੁਰੂ ਹੋਣ ਤੋਂ ਪਹਿਲਾਂ ਕਰੋਨਾ ਪਾਜ਼ੇਟਿਵ ਮਿਲੇ ਸਨ। ਉਨ੍ਹਾਂ ਦੀ ਗ਼ੈਰਹਾਜ਼ਰੀ ‘ਚ ਪਹਿਲੇ ਮੈਚ ‘ਚ ਇਸ਼ਾਨ ਕਿਸ਼ਨ ਨੇ ਅਤੇ ਦੂਜੇ ‘ਚ ਰਿਸ਼ਭ ਪੰਤ ਨੇ ਪਾਰੀ ਦਾ ਆਗਾਜ਼ ਕੀਤਾ ਸੀ। ਦੂਜੇ ਮੈਚ ‘ਚ 44 ਦੌੜਾਂ ਤੋਂ ਮਿਲੀ ਜਿੱਤ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਸੀ ਕਿ ਧਵਨ ਆਖਰੀ ਮੈਚ ਖੇਡੇਗਾ। ਇਸ ਕਾਰਨ ਉਪ ਕਪਤਾਨ ਕੇ ਐੱਲ ਰਾਹੁਲ ਦੇ ਮੁੜ ਵਿਰਾਟ ਕੋਹਲੀ ਨਾਲ ਬਾਅਦ ‘ਚ ਬੱਲੇਬਾਜ਼ੀ ਕਰਨ ਦੀ ਸੰਭਾਵਨਾ ਹੈ। ਦੂਜੇ ਮੈਚ ‘ਚ ਭਾਰਤ ਨੇ 9 ਵਿਕਟਾਂ ‘ਤੇ 237 ਦੌੜਾਂ ਹੀ ਬਣਾਈਆਂ ਸਨ ਅਤੇ ਹੁਣ ਭਾਰਤੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ‘ਤੇ ਵੱਡਾ ਸਕੋਰ ਬਣਾਉਣਾ ਹੋਵੇਗਾ। -ਪੀਟੀਆਈ