ਨਵੀਂ ਦਿੱਲੀ, 11 ਫਰਵਰੀ
ਮੈਲਬਰਨ ਵਿੱਚ ਭਾਰਤ, ਅਮਰੀਕਾ, ਆਸਟਰੇਲੀਆ ਅਤੇ ਜਾਪਾਨ ਦੇ ਵਿਦੇਸ਼ ਮੰਤਰੀਆਂ ਨੇ ਯੂਕਰੇਨ ਕਾਰਨ ਰੂਸ ਅਤੇ ਨਾਟੋ ਦੇਸ਼ਾਂ ਵਿਚਾਲੇ ਤਣਾਅ, ਅਫ਼ਗਾਨ ਸੰਕਟ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਚੀਨ ਦੇ ‘ਦਬਾਅ’ ਸਬੰਧੀ ਚਿੰਤਾਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ, ਜਾਪਾਨ ਦੇ ਵਿਦੇਸ਼ ਮੰਤਰੀ ਯੋਸ਼ੀਮਾਸਾ ਹਯਾਸ਼ੀ ਅਤੇ ਆਸਟ੍ਰੇਲੀਆਈ ਵਿਦੇਸ਼ ਮੰਤਰੀ ਮਾਰਿਸ ਪਾਂਇਨੇ ਨੇ ਗੱਲਬਾਤ ਤੋਂ ਪਹਿਲਾਂ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨਾਲ ਮੁਲਾਕਾਤ ਕੀਤੀ। ਪਾਇਨੇ ਨੇ ਕਿਹਾ ਕਿ ਕਵਾਡ ਵਿਦੇਸ਼ ਮੰਤਰੀਆਂ ਦੀ ਚੌਥੀ ਬੈਠਕ ਕਰੋਨ ਵਾਇਰਸ ਟੀਕਿਆਂ ਦੀ ਵੰਡ, ਅਤਿਵਾਦ ਵਿਰੋਧੀ ਯਤਨਾਂ ਅਤੇ ਸਮੁੰਦਰੀ ਸੁਰੱਖਿਆ ਅਤੇ ਜਲਵਾਯੂ ਤਬਦੀਲੀ ਵਿੱਚ ਸਹਿਯੋਗ ‘ਤੇ ਧਿਆਨ ਕੇਂਦਰਿਤ ਕਰੇਗੀ।