ਪਟਿਆਲਾ (ਗੁਰਨਾਮ ਸਿੰਘ ਅਕੀਦਾ): ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 2022 ਸੈਸ਼ਨ ਵਿਚ ਇਸ ਵਾਰ ਪਟਿਆਲਾ ਦੇ ਵੀ ਚਾਰ ਖਿਡਾਰੀ ਖੇਡ ਰਹੇ ਹਨ। ਇਨ੍ਹਾਂ ਵਿਚੋਂ ਇਕ ਤੇਜ਼ ਗੇਂਦਬਾਜ਼ ਸੰਦੀਪ ਸ਼ਰਮਾ ਹਨ ਜੋ ਕਿ ਪਹਿਲਾਂ ਸਨਰਾਈਜ਼ਰਜ਼ ਹੈਦਰਾਬਾਦ ਲਈ ਖੇਡ ਰਹੇ ਸਨ, ਇਸ ਵਾਰ ਉਹ ਪੰਜਾਬ ਕਿੰਗਜ਼ ਟੀਮ ਦਾ ਹਿੱਸਾ ਹਨ। ਸੰਦੀਪ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਆਈਪੀਐਲ ‘ਚ 2013 ਤੋਂ ਕੀਤੀ ਸੀ। ਲੰਮੇ ਸਮੇਂ ਤੋਂ ਉਹ ਸਨਰਾਈਜ਼ਰਜ਼ ਹੈਦਰਾਬਾਦ ਲਈ ਖੇਡ ਰਹੇ ਹਨ। ਸੰਦੀਪ ਨੇ ਭਾਰਤ ਲਈ ਆਪਣਾ ਟੀ-20 ਕਰੀਅਰ 2015 ਵਿਚ ਸ਼ੁਰੂ ਕੀਤਾ ਸੀ। ਉਸ ਨੇ ਹੁਣ ਤੱਕ 99 ਮੈਚ ਖੇਡੇ ਹਨ ਤੇ 112 ਵਿਕਟ ਲਏ ਹਨ। ਸਪਿੰਨਰ ਮਾਯੰਕ ਮਾਰਕੰਡੇ ਇਸ ਵਾਰ ਆਪਣੀ ਪੁਰਾਣੀ ਟੀਮ ਮੁੰਬਈ ਇੰਡੀਅਨਜ਼ ਨਾਲ ਹੀ ਖੇਡਣਗੇ। ਮਾਯੰਕ ਦਿਲੀ ਕੈਪੀਟਲ ਦੀ ਟੀਮ ਦਾ ਹਿੱਸਾ ਵੀ ਰਹੇ ਹਨ। ਪਟਿਆਲਾ ਦੇ ਵਿਕਟਕੀਪਰ-ਬੱਲੇਬਾਜ਼ ਪ੍ਰਭ ਸਿਮਰਨ ਸਿੰਘ ਇਕ ਵਾਰ ਫਿਰ ਪੰਜਾਬ ਕਿੰਗਜ਼ ਨਾਲ ਹੀ ਖੇਡਣਗੇ। ਪ੍ਰਭ ਸਿਮਰਨ ਨੇ ਹੁਣ ਤੱਕ 5 ਮੈਚ ਖੇਡੇ ਹਨ ਤੇ 50 ਦੌੜਾਂ ਬਣਾਈਆਂ ਹਨ। ਪੰਜਾਬ ਕਿੰਗਜ਼ ਨੇ ਪ੍ਰਭ ਸਿਮਰਨ ਤੇ ਇਕ ਵਾਰ ਫਿਰ ਭਰੋਸਾ ਕੀਤਾ ਹੈ, ਆਈਪੀਐਲ ਵਿਚ ਉਨ੍ਹਾਂ ਨੇ 2019 ਵਿਚ ਸ਼ੁਰੂਆਤ ਕੀਤੀ ਸੀ। ਇਸੇ ਤਰ੍ਹਾਂ ਪਟਿਆਲਾ ਦੇ ਹੀ ਅਨਮੋਲਪ੍ਰੀਤ ਸਿੰਘ ਆਈਪੀਐਲ ਵਿਚ ਫਿਰ ਤੋਂ ਮੁੰਬਈ ਇੰਡੀਅਨਜ਼ ਲਈ ਖੇਡਣਗੇ। ਉਨ੍ਹਾਂ ਨੂੰ ਇਕ ਮੈਚ ਵਿਚ ਮੌਕਾ ਮਿਲਿਆ ਸੀ ਤੇ 16 ਦੌੜਾਂ ਦੀ ਪਾਰੀ ਖੇਡੀ ਸੀ। ਉਨ੍ਹਾਂ ਆਈਪੀਐਲ ਵਿਚ 2019 ਵਿਚ ਸ਼ੁਰੂਆਤ ਕੀਤੀ ਸੀ। ਸੰਦੀਪ ਸ਼ਰਮਾ ਨੂੰ ਪੰਜਾਬ ਕਿੰਗਜ਼ ਨੇ 50 ਲੱਖ ਰੁਪਏ, ਸਪਿੰਨਰ ਮਯੰਕ ਮਾਰਕੰਡੇ ਨੂੰ ਮੁੰਬਈ ਇੰਡੀਅਨਜ਼ ਨੇ 65 ਲੱਖ ਰੁਪਏ, ਪ੍ਰਭ ਸਿਮਰਨ ਨੂੰ ਪੰਜਾਬ ਕਿੰਗਜ਼ ਨੇ ਪਹਿਲੇ ਦਿਨ ਹੀ 60 ਲੱਖ ਵਿਚ ਖ਼ਰੀਦਿਆ ਸੀ। ਅਨਮੋਲਪ੍ਰੀਤ ਸਿੰਘ 20 ਲੱਖ ਵਿਚ ਵਿਕੇ ਹਨ। ਪਟਿਆਲਾ ਦੇ ਇਨ੍ਹਾਂ ਕ੍ਰਿਕਟਰਾਂ ਤੇ ਪੰਜਾਬ ਨੂੰ ਕਾਫ਼ੀ ਆਸਾਂ ਹਨ।