ਮੁੰਬਈ, 28 ਮਾਰਚ
ਗੁਜਰਾਤ ਟਾਈਟਨਜ਼ ਨੇ ਆਈਪੀਐੱਲ ਮੈਚ ਵਿੱਚ ਅੱਜ ਇੱਥੇ ਲਖਨਊ ਸੁਪਰ ਜਾਇੰਟਸ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ। ਲਖਨਊ ਸੁਪਰ ਜਾਇੰਟਸ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਛੇ ਵਿਕਟਾਂ ਗੁਆ ਕੇ 158 ਦੌੜਾਂ ਬਣਾਈਆਂ। ਲਖਨਊ ਜਾਇੰਟਸ ਲਈ ਦੀਪਕ ਹੁੱਡਾ ਨੇ 55 ਅਤੇ ਆਯੂਸ਼ ਬਦੋਨੀ ਨੇ 54 ਦੌੜਾਂ ਦਾ ਯੋਗਦਾਨ ਪਾਇਆ। ਮੁਹੰਮਦ ਸ਼ਮੀ ਟਾਈਟਨਜ਼ ਦਾ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ, ਜਿਸ ਨੇ ਚਾਰ ਓਵਰਾਂ ਵਿੱਚ 25 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਇਸ ਤੋਂ ਇਲਾਵਾ ਵਰੁਣ ਆਰੋਨ ਨੇ ਦੋ ਅਤੇ ਰਾਸ਼ਿਦ ਖ਼ਾਨ ਨੇ ਇੱਕ ਵਿਕਟ ਝਟਕਾਈ। ਟੀਚੇ ਦਾ ਪਿੱਛਾ ਕਰਦਿਆਂ ਟਾਈਟਨਜ਼ ਨੇ ਪੰਜ ਵਿਕਟਾਂ ‘ਤੇ 161 ਦੌੜਾਂ ਬਣਾਈਆਂ। ਰਾਹੁਲ ਤਿਵਾਤੀਆ ਨੇ ਪੰਜ ਚੌਕੇ ਤੇ ਦੋ ਛੱਕਿਆਂ ਦੀ ਮਦਦ ਨਾਲ ਨਾਬਾਦ 40 ਅਤੇ ਅਭਿਨਵ ਮਨੋਹਰ ਨੇ ਸੱਤ ਗੇਂਦਾਂ ਵਿੱਚ ਤਿੰਨ ਚੌਕਿਆਂ ਦੀ ਮਦਦ ਨਾਲ ਨਾਬਾਦ 15 ਦੌੜਾਂ ਬਣਾਈਆਂ ਅਤੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ।