ਨਵੀਂ ਦਿੱਲੀ: ਯੂਪੀ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਕਲਿਆਣ ਸਿੰਘ ਸਣੇ ਵੱਖ-ਵੱਖ ਖੇਤਰਾਂ ਦੀਆਂ 65 ਹਸਤੀਆਂ ਨੂੰ ਅੱਜ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਕਲਿਆਣ ਸਿੰਘ ਤੇ ਸ਼ਾਸਤਰੀ ਗਾਇਕਾ ਪ੍ਰਭਾ ਅਤਰੇ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ। ਕਲਿਆਣ ਦੇ ਪੁੱਤਰ ਸੰਸਦ ਮੈਂਬਰ ਰਾਜਵੀਰ ਸਿੰਘ ਨੇ ਇਹ ਸਨਮਾਨ ਹਾਸਲ ਕੀਤਾ। ਇਨ੍ਹਾਂ ਤੋਂ ਇਲਾਵਾ ਅਦਾਕਾਰ ਵਿਕਟਰ ਬੈਨਰਜੀ, ‘ਕੋਵੈਕਸੀਨ’ ਬਣਾਉਣ ਵਾਲੇ ਭਾਰਤ ਬਾਇਓਟੈੱਕ ਦੇ ਕ੍ਰਿਸ਼ਨਾ ਮੂਰਤੀ ਏਲਾ ਅਤੇ ਸੁਚਿੱਤਰਾ ਕ੍ਰਿਸ਼ਨਾ ਏਲਾ ਨੂੰ ਪਦਮ ਭੂਸ਼ਣ ਨਾਲ ਨਿਵਾਜਿਆ ਗਿਆ ਹੈ। ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਾਡੇਲਾ ਤੇ ਗੂਗਲ ਦੇ ਸੀਈਓ ਸੁੰਦਰ ਪਿਚਈ ਨੂੰ ਵੀ ਪਦਮ ਭੂਸ਼ਣ ਪੁਰਸਕਾਰ ਦਿੱਤਾ ਗਿਆ ਹੈ। ਓਲੰਪਿਕ ਸੋਨ ਤਗ਼ਮਾ ਜੇਤੂ ਅਥਲੀਟ ਨੀਰਜ ਚੋਪੜਾ ਨੂੰ ਪਦਮਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਸਾਲ ‘ਭਾਰਤ ਰਤਨ’ ਲਈ ਕਿਸੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ। ਪੁਰਸਕਾਰ ਸਮਾਰੋਹ ਵਿਚ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹੋਰ ਹਾਜ਼ਰ ਸਨ। -ਪੀਟੀਆਈ