ਲਾਸ ਏਂਜਲਸ, 28 ਮਾਰਚ
ਇੱਥੇ ਹੋਏ ਆਸਕਰਜ਼ ਐਵਾਰਡ ਸਮਾਗਮ ਵਿੱਚ ਫਿਲਮ ‘ਕੋਡਾ’ ਨੂੰ ‘ਸਰਬੋਤਮ ਫਿਲਮ’ ਜਦਕਿ ਵਿੱਲ ਸਮਿੱਥ ਨੂੰ ਫਿਲਮ ‘ਕਿੰਗ ਰਿਚਰਡ’ ਲਈ ‘ਸਰਬੋਤਮ ਅਦਾਕਾਰ’ ਦਾ ਪੁਰਸਕਾਰ ਦਿੱਤਾ ਗਿਆ। ਇਸੇ ਸਮਾਗਮ ਦੌਰਾਨ ਆਪਣੀ ਪਤਨੀ ਬਾਰੇ ਸਟੇਜ ਤੋਂ ਮਜ਼ਾਕ ਕੀਤੇ ਜਾਣ ਤੋਂ ਖਫ਼ਾ ਹੋਏ ਵਿੱਲ ਸਮਿੱਥ ਨੇ ਅਦਾਕਾਰ ਕ੍ਰਿਸ ਰੌਕ ਦੇ ਥੱਪੜ ਮਾਰ ਦਿੱਤਾ।
ਡੈਨਿਸ ਵਿਲੇਨੇਊਵ ਦੀ ਫਿਲਮ ‘ਡਿਊਨ’ ਨੇ ਤਕਨੀਕੀ ਸ਼੍ਰੇਣੀਆਂ ਵਿੱਚ ਛੇ ਐਵਾਰਡ ਜਿੱਤੇ। ਇਸੇ ਤਰ੍ਹਾਂ ਫਿਲਮ ‘ਕੋਡਾ’ ਨੂੰ ‘ਸਰਬੋਤਮ ਫਿਲਮ’ ਸਮੇਤ ਤਿੰਨਅਕੈਡਮੀ ਐਵਾਰਡ ਮਿਲੇ। ਇਨ੍ਹਾਂ ‘ਚੋਂ ‘ਅਡੈਪਟਡ ਸਕਰੀਨਪਲੇਅ’ ਲਈ ਨਿਰਦੇਸ਼ਕ ਸਿਆਨ ਹੈਡਰ ਅਤੇ ‘ਸਹਾਇਕ ਅਦਾਕਾਰ’ ਲਈ ਟ੍ਰੌਏ ਕੋਟਸੁਰ ਨੂੰ ਐਵਾਰਡ ਮਿਲਿਆ। ਜੇਨ ਕੈਂਪੀਅਨ ਨੇ ‘ਦਿ ਪਾਵਰ ਆਫ ਦਿ ਡੌਗ’ ਲਈ ‘ਸਰਬੋਤਮ ਨਿਰਦੇਸ਼ਕ’ ਦਾ ਐਵਾਰਡ ਜਿੱਤਿਆ। ਉਹ ਪਹਿਲੀ ਔਰਤ ਹੈ ਜਿਸ ਨੂੰ ਸ਼੍ਰੇਣੀ ਵਿੱਚ ਦੋ ਵਾਰ ਨਾਮਜ਼ਦ ਕੀਤਾ ਗਿਆ ਸੀ। ਇਸੇ ਤਰ੍ਹਾਂ ਉਹ ਇਸ ਸ਼੍ਰੇਣੀ ਵਿੱਚ ਐਵਾਰਡ ਜਿੱਤਣ ਵਾਲੀ ਤੀਸਰੀ ਔਰਤ ਬਣ ਗਈ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ‘ਨੋਮੈਡਲੈਂਡ’ ਲਈ ਕਲੋਏ ਜ਼ਾਓ ਅਤੇ 2010 ਵਿੱਚ ‘ਹਰਟ ਲੌਕਰ’ ਲਈ ਕੈਥਰੀਨ ਬਿਗੇਲੋ ਨੇ ਇਹ ਐਵਾਰਡ ਜਿੱਤਿਆ ਸੀ। ਇਸ ਤੋਂ ਇਲਾਵਾ ਜਾਪਾਨੀ ਡਰਾਮਾ ‘ਡਰਾਈਵ ਮਾਈ ਕਾਰ’ ਨੂੰ ‘ਸਰਬੋਤਮ ਅੰਤਰਰਾਸ਼ਟਰੀ ਫਿਲਮ’, ‘ਬੇਲਫਾਸਟ’ ਲਈ ਕੇਨੈਥ ਨੂੰ ‘ਮੂਲ ਸਕਰੀਨਪਲੇਅ’ ਲਈ ਐਵਾਰਡ ਮਿਲਿਆ। ਜੈਸਿਕਾ ਚੈਸਟੇਨ ਨੇ ‘ਦਿ ਆਈਜ਼ ਆਫ ਟੈਮੀ ਫੇ’ ਲਈ ‘ਸਰਬੋਤਮ ਅਦਾਕਾਰਾ’ ਦਾ ਐਵਾਰਡ ਜਿੱਤਿਆ ਅਤੇ ‘ਸਰਬੋਤਮ ਅਦਾਕਾਰ’ ਦਾ ਖਿਤਾਬ ‘ਕਿੰਗ ਰਿਚਰਡ’ ਲਈ ਵਿੱਲ ਸਮਿੱਥ ਨੂੰ ਦਿੱਤਾ ਗਿਆ। ਇਸ ਐਵਾਰਡ ਬਾਰੇ ਐਲਾਨ ਹੋਣ ਤੋਂ ਕੁਝ ਦੇਰ ਪਹਿਲਾਂ ਪ੍ਰੋਗਰਾਮ ਨੇ ਉਸ ਵੇਲੇ ਨਾਟਕੀ ਮੌੜ ਲਿਆ, ਜਦੋਂ ਵਿੱਲ ਸਮਿੱਥ ਨੇ ਸਟੇਜ ‘ਤੇ ਬੇਤੁਕਾ ਮਜ਼ਾਕ ਕਰਨ ਕਰਕੇ ਅਦਾਕਾਰ/ ਕਾਮੇਡੀਅਨ ਕ੍ਰਿਸ ਰੌਕ ਦੇ ਚਪੇੜ ਮਾਰ ਦਿੱਤੀ। ਇਸ ਮਗਰੋਂ ਜਦੋਂ ਸਮਿੱਥ ‘ਸਰਬੋਤਮ ਅਦਾਕਾਰ’ ਦਾ ਐਵਾਰਡ ਲੈਣ ਸਟੇਜ ‘ਤੇ ਗਿਆ ਤਾਂ ਉਸ ਨੇ ਅਕੈਡਮੀ ਅਤੇ ਕਲਾਕਾਰਾਂ ਕੋਲੋਂ ਤਾਂ ਮੁਆਫੀ ਮੰਗੀ ਪਰ ਰੌਕ ਬਾਰੇ ਕੁਝ ਨਹੀਂ ਕਿਹਾ। ਲਾਸ ਏਂਜਲਸ ਪੁਲੀਸ ਡਿਪਾਰਟਮੈਂਟ (ਐੱਲਏਪੀਡੀ) ਨੇ ਦੱਸਿਆ ਕਿ ਰੌਕ ਨੇ ਇਸ ਬਾਰੇ ਕੇਸ ਦਰਜ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੌਰਾਨ ਸਟੇਜ ਤੋਂ ਕੁਝ ਕਲਾਕਾਰਾਂ ਨੇ ਯੂਕਰੇਨ ਸੰਕਟ ਬਾਰੇ ਗੱਲ ਕੀਤੀ। -ਪੀਟੀਆਈ
ਪੁਰਸਕਾਰ ਤੋਂ ਖੁੰਝੀ ਭਾਰਤ ਦੀ ‘ਰਾਈਟਿੰਗ ਵਿਦ ਫਾਇਰ’
ਲਾਸ ਏਂਜਲਜ਼: ਭਾਰਤ ਵਿੱਚ ਦਲਿਤ ਮਹਿਲਾਵਾਂ ਵੱਲੋਂ ਚਲਾਏ ਜਾਂਦੇ ਅਖ਼ਬਾਰ ‘ਤੇ ਆਧਾਰਿਤ ਦਸਤਾਵੇਜ਼ੀ ‘ਰਾਈਟਿੰਗ ਵਿਦ ਫਾਇਰ’ 94ਵੇਂ ਆਸਕਰ ਪੁਰਸਕਾਰ ਦੀ ਸਰਬੋਤਮ ਦਸਤਾਵੇਜ਼ੀ ਫੀਚਰ ਸ਼੍ਰੇਣੀ ਵਿੱਚ ਨਾਮਜ਼ਦ ਤਾਂ ਹੋਈ ਪਰ ਪੁਰਸਕਾਰ ਹਾਸਲ ਨਾ ਕਰ ਸਕੀ। ਇਸ ਸ਼੍ਰੇਣੀ ਵਿੱਚ ਸਰਬੋਤਮ ਦਸਤਾਵੇਜ਼ੀ ਫੀਚਰ ‘ਸਮਰ ਆਫ ਸੋਲਜ਼’ ਨੂੰ ਐਲਾਨਿਆ ਗਿਆ ਹੈ। ‘ਸਮਰ ਆਫ ਸੋਲਜ਼’ ਦਾ ਨਿਰਦੇਸ਼ਨ ਸੰਗੀਤਕ ਬੈਂਡ ‘ਦਿ ਰੂਟਸ’ ਦੇ ਡਰੰਮ ਵਾਦਕ ਆਹਮੀਰ ਥੌਮਸਨ ਨੇ ਕੀਤਾ ਹੈ, ਜੋ ‘ਕੁਐਸਟਲਵ’ ਦੇ ਨਾਂ ਨਾਲ ਮਸ਼ਹੂਰ ਹੈ। ਜ਼ਿਕਰਯੋਗ ਹੈ ਕਿ ‘ਰਾਈਟਿੰਗ ਵਿਦ ਫਾਇਰ’ ਦਾ ਨਿਰਦੇਸ਼ਨ ਰਿੰਟੂ ਥੌਮਸ ਤੇ ਸੁਸ਼ਮਿਤ ਘੋਸ਼ ਨੇ ਕੀਤਾ ਹੈ। ਆਸਕਰ ਪੁਰਸਕਾਰ ਦੀ ਦੌੜ ਵਿੱਚ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਇਹ ਦਸਤਾਵੇਜ਼ੀ ਦਲਿਤ ਮਹਿਲਾਵਾਂ ਵੱਲੋਂ ਚਲਾਏ ਜਾਂਦੇ ਭਾਰਤ ਦੇ ਇਕਲੌਤੇ ਅਖ਼ਬਾਰ ‘ਖ਼ਬਰ ਲਹਿਰੀਆ’ ਦੀ ਕਹਾਣੀ ਬਿਆਨਦੀ ਹੈ। ਪਰ ਪੁਰਸਕਾਰ ਸਮਾਗਮ ਤੋਂ ਕੁਝ ਹੀ ਹਫ਼ਤੇ ਪਹਿਲਾਂ ਅਖ਼ਬਾਰ ਦੇ ਪ੍ਰਬੰਧਕਾਂ ਨੇ ਇੱਕ ਪੱਤਰ ਲਿਖ ਕੇ ਇਤਰਾਜ਼ ਜਤਾਇਆ ਸੀ ਕਿ ਇਹ ਦਸਤਾਵੇਜ਼ੀ ਉਨ੍ਹਾਂ ਦੀ ਕਹਾਣੀ ਨੂੰ ਸਹੀ ਢੰਗ ਨਾਲ ਬਿਆਨ ਨਹੀਂ ਕਰ ਰਹੀ। -ਪੀਟੀਆਈ
ਲਤਾ ਤੇ ਦਿਲੀਪ ਕੁਮਾਰ ਨੂੰ ਨਹੀਂ ਦਿੱਤੀ ਗਈ ਸ਼ਰਧਾਂਜਲੀ
ਲਾਸ ਏਂਜਲਜ਼: ਆਸਕਰ ਪੁਰਸਕਾਰ ਸਮਾਗਮ ਵਿੱਚ ਪਿਛਲੇ ਸਮੇਂ ਦੌਰਾਨ ਵਿੱਛੜੇ ਕਲਾਕਾਰਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਮੌੌਕੇ ਕਰਵਾਏ ਗਏ ‘ਇਨ ਮੈਮੋਰੀਅਮ’ ਵਿੱਚ ਭਾਰਤ ਦੇ ਦੋ ਮਰਹੂਮ ਕਲਾਕਾਰਾਂ ਲਤਾ ਮੰਗੇਸ਼ਕਰ ਅਤੇ ਦਿਲੀਪ ਕੁਮਾਰ ਨੂੰ ਸ਼ਰਧਾਂਜਲੀ ਨਾ ਦਿੱਤੇ ਜਾਣ ਦਾ ਭਾਰਤੀ ਪ੍ਰਸ਼ੰਸਕਾਂ ਨੇ ਬੁਰਾ ਮਨਾਇਆ ਹੈ। 2022 ਦੇ ਆਸਕਰ ਪੁਰਸਕਾਰ ਸਮਾਗਮ ਵਿੱਚ ਭਾਰਤੀ ਸਿਨੇਮਾ ਦੇ ਦੋ ਮਹਾਨ ਕਲਾਕਾਰਾਂ ਨੂੰ ਇੰਜ ਭੁਲਾਇਆ ਜਾਣਾ ਮੰਦਭਾਗਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਕ ਮਹੀਨਾ ਪਹਿਲਾਂ ਹੀ ਬ੍ਰਿਟਿਸ਼ ਅਕੈਡਮੀ ਫਿਲਮ ਐਂਡ ਟੈਲੀਵਿਜ਼ਨ ਐਵਾਰਡ (ਬਾਫਟਾ) ਵੱਲੋਂ ਮਰਹੂਮ ਲਤਾ ਮੰਗੇਸ਼ਕਰ ਅਤੇ ਦਿਲੀਪ ਕੁਮਾਰ ਨੂੰ ਯਾਦ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ 2021 ‘ਚ ਹੋਏ ਆਸਕਰ ਪੁਰਸਕਾਰ ਸਮਾਗਮ ਵਿੱਚ ਸ਼ਰਧਾਂਜਲੀਆਂ ਦੇਣ ਮੌਕੇ ਭਾਰਤੀ ਅਦਾਕਾਰ ਇਰਫ਼ਾਨ ਖ਼ਾਨ ਤੇ ਆਸਕਰ ਐਵਾਰਡ ਜੇਤੂ ਡਿਜ਼ਾਈਨਰ ਭਾਨੂ ਅਥੱਈਆ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਸੀ। ਇਸ ਦੇ ਨਾਲ ਹੀ ਅਕੈਡਮੀ ਆਫ ਮੋਸ਼ਨ ਪਿਕਚਰਜ਼ ਆਰਟ ਐਂਡ ਸਾਇੰਸਜ਼ (ਏਐੱਮਪੀਏਐੱਸ) ਦੀ ਵੈੱਬਸਾਈਟ ‘ਤੇ ਮਰਹੂਮ ਅਦਾਕਾਰ ਰਿਸ਼ੀ ਕਪੂਰ ਤੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਗਈ ਸੀ। -ਪੀਟੀਆਈ