ਮੁੰਬਈ: ਬੌਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਨੇ ਹਾਲ ਹੀ ਵਿੱਚ ਗਾਇਕ ਕੁਮਾਰ ਸਾਨੂ ਨਾਲ ਸਟੇਜ ਸਾਂਝੀ ਕੀਤੀ। ਇਸ ਦੌਰਾਨ ਦੋਹਾਂ ਨੇ ਸੰਜੈ ਲੀਲਾ ਭੰਸਾਲੀ ਦੀ ਨਿਰਦੇਸ਼ਨ ਹੇਠ ਬਣੀ ਫਿਲਮ ‘ਹਮ ਦਿਲ ਦੇ ਚੁਕੇ ਸਨਮ’ ਦਾ ਗੀਤ ‘ਆਂਖੋਂ ਕੀ ਗੁਸਤਾਖੀਆਂ’ ਗਾਇਆ। ਅਦਾਕਾਰਾ ਆਪਣੇ ਬਚਪਨ ਦੇ ਪਸੰਦੀਦਾ ਗਾਇਕ ਨਾਲ ਗੀਤ ਗਾ ਕੇ ਬੇਹੱਦ ਖੁਸ਼ ਸੀ। ਉਸ ਨੇ ਇਸ ਸਬੰਧੀ ਇੰਸਟਾਗ੍ਰਾਮ ‘ਤੇ ਰਿਐਲਿਟੀ ਸ਼ੋਅ ‘ਹੁਨਰਬਾਜ਼: ਦੇਸ਼ ਕੀ ਸ਼ਾਨ’ ਦੀ ਇੱਕ ਵੀਡੀਓ ਸਾਂਝੀ ਕੀਤੀ। ਇਸ ਸ਼ੋਅ ਵਿੱਚ ਪਰਿਨੀਤੀ, ਮਿਥੁਨ ਚਕਰਵਤੀ ਅਤੇ ਕਰਨ ਜੌਹਰ ਨਾਲ ਜੱਜ ਦੀ ਭੂਮਿਕਾ ਨਿਭਾਅ ਰਹੀ ਹੈ। ਵੀਡੀਓ ਹੇਠਾਂ ਉਸ ਨੇ ਲਿਖਿਆ, ”ਕੀ ਮੈਂ ਸੱਚੀ ਕੁਮਾਰ ਸਾਨੂ ਨਾਲ ਦੋਗਾਣਾ ਗਾ ਰਹੀ ਹਾਂ? ਛੋਟੇ ਹੁੰਦੇ, ਮੈਨੂੰ ਇਸ ‘ਤੇ ਵਿਸ਼ਵਾਸ ਹੀ ਨਾ ਹੁੰਦਾ।” ਵੀਡੀਓ ਵਿੱਚ ਪਰਿਨੀਤੀ ਅਤੇ ਕੁਮਾਰ ਸਾਨੂ ਦੋਗਾਣਾ ਗਾਉਂਦੇ ਨਜ਼ਰ ਆ ਰਹੇ ਹਨ। ਫਿਲਮਾਂ ਦੀ ਗੱਲ ਕਰੀਏ ਤਾਂ ਪਰਿਨੀਤੀ ਇਸ ਵੇਲੇ ਰਿਭੂ ਦਾਸਗੁਪਤਾ ਦੀ ਫਿਲਮ ‘ਤੇ ਕੰਮ ਕਰ ਰਹੀ ਹੈ। -ਆਈਏਐੱਨਐੱਸ