ਨਵੀਂ ਦਿੱਲੀ: ਗ੍ਰੈਂਡਮਾਸਟਰ ਤੇ ਕੌਮੀ ਚੈਂਪੀਅਨ ਅਰਜੁਨ ਏਰੀਗੈਸੀ ਨੇ ਕਾਰਤਿਕ ਵੈਂਕਟਰਮਨ ਨੂੰ ਹਰਾ ਕੇ 19ਵਾਂ ਦਿੱਲੀ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ ਜਿੱਤ ਲਿਆ ਹੈ। ਅਰਜੁਨ ਨੇ ਖੇਡ ਵਿਚ ਪਹਿਲਾਂ ਹੀ ਲੀਡ ਲੈ ਲਈ ਸੀ ਤੇ ਮਗਰੋਂ ਮੁਕਾਬਲਾ ਟਾਈਬ੍ਰੇਕ ਤੱਕ ਪਹੁੰਚ ਗਿਆ। ਹਾਲਾਂਕਿ ਕਾਰਤਿਕ ਨੇ ਅਰਜੁਨ ਲਈ ਕੁਝ ਚੁਣੌਤੀ ਪੇਸ਼ ਕੀਤੀ ਪਰ ਉਹ ਮੁਕਾਬਲਾ ਜਿੱਤਣ ਵਿਚ ਸਫ਼ਲ ਰਹੇ। ਅਰਜੁਨ ਨੂੰ ਜੇਤੂ ਵਜੋਂ ਚਾਰ ਲੱਖ ਰੁਪਏ ਨਗਦ ਤੇ ਇਕ ਟਰਾਫ਼ੀ ਦਿੱਤੀ ਗਈ। ਹੁਣ ਉਨ੍ਹਾਂ ਦਾ ਚੇਨਈ ਵਿਚ ਹੋਣ ਵਾਲੀ ਸ਼ਤਰੰਜ ਉਲੰਪੀਆਡ ਲਈ ਰਾਹ ਪੱਧਰਾ ਹੋ ਗਿਆ ਹੈ ਜਿੱਥੇ ਉਹ ਮੁੱਖ ਟੀਮ ਦਾ ਹਿੱਸਾ ਬਣ ਸਕਦੇ ਹਨ। ਅਰਜੁਨ ਦੀ ਦਰਜਾਬੰਦੀ ਵਿਚ ਵੀ ਸੁਧਾਰ ਹੋਇਆ ਹੈ। ਇਸ ਤੋਂ ਪਹਿਲਾਂ ਅਰਜੁਨ ਨੇ ਕਾਨਪੁਰ ਵਿਚ ਕੌਮੀ ਚੈਂਪੀਅਨਸ਼ਿਪ ਵੀ ਜਿੱਤੀ ਸੀ। -ਪੀਟੀਆਈ