ਪੁਣੇ, 29 ਮਾਰਚ
ਇਥੇ ਖੇਡੇ ਗਏ ਆਈਪੀਐੱਲ ਮੈਚ ਦੌਰਾਨ ਮੰਗਲਵਾਰ ਨੂੰ ਰਾਜਸਥਾਨ ਰਾਇਲਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 61 ਦੌੜਾਂ ਨਾਲ ਮਾਤ ਦਿੱਤੀ। ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨੇ ਟਾਸ ਜਿੱਤਣ ਮਗਰੋਂ ਗੇਂਦਬਾਜ਼ੀ ਦਾ ਫੈਸਲਾ ਲਿਆ। ਰਾਜਸਥਾਨ ਰਾਇਲਜ਼ ਟੀਮ ਨੇ ਕਪਤਾਨ ਸੰਜੂ ਸੈਮਸਨ ਵੱਲੋਂ ਖੇਡੀ ਸ਼ਾਨਦਾਰ ਪਾਰੀ ਸਦਕਾ ਛੇ ਵਿਕਟਾਂ ਗੁਆ ਕੇ 210 ਦੌੜਾਂ ਬਣਾਈਆਂ। ਟੀਮ ਦੇ ਸਲਾਮੀ ਬੱਲੇਬਾਜ਼ ਜੋਸ ਬਟਲਰ (35) ਅਤੇ ਯਸ਼ਸਵੀ ਜੈਸਵਾਲ (20) ਨੇ ਚੰਗੀ ਸ਼ੁਰੂਆਤ ਦਿੱਤੀ। ਸੈਮਸਨ ਨੇ 27 ਗੇਂਦਾਂ ਵਿੱਚ 55 ਦੌੜਾਂ ਬਣਾਈਆਂ। ਉਸ ਨੇ ਪਾਰੀ ਦੌਰਾਨ ਪੰਜ ਸਿਕਸਰ ਤੇ ਤਿੰਨ ਚੌਕੇ ਜੜੇ। ਸੈਮਸਨ ਤੇ ਦੇਵਦੱਤ ਪਡਿਕਲ ਨੇ ਤੀਸਰੇ ਵਿਕਟ ਲਈ 41 ਗੇਂਦਾਂ ਵਿੱਚ 73 ਦੌੜਾਂ ਬਣਾਈਆਂ। ਆਖਰੀ ਓਵਰਾਂ ਵਿੱਚ ਸ਼ਿਮਰੋਨ ਹੇਟਮਾਯੇਰ ਨੇ 13 ਗੇਂਦਾਂ ਵਿੱਚ ਤਿੰਨ ਸਿਕਸਰਾਂ ਦੀ ਮਦਦ ਨਾਲ 32 ਦੌੜਾਂ ਦਾ ਯੋਗਦਾਨ ਦਿੱਤਾ ਤੇ ਰਾਜਸਥਾਨ ਟੀਮ ਦਾ ਸਕੋਰ 200 ਉੱਤੇ ਪਹੁੰਚਾਇਆ। ਟੀਮ ਨੇ ਆਖਰੀ 10 ਓਵਰਾਂ ਵਿੱਚ 123 ਦੌੜਾਂ ਬਣਾਈਆਂ ਤੇ ਮੈਚ ਜਿੱਤਣ ਲਈ ਸਨਰਾਈਜ਼ਰਜ਼ ਹੈਦਰਾਬਾਦ ਨੂੰ 211 ਦੌੜਾਂ ਦਾ ਟੀਚਾ ਦਿੱਤਾ। ਇਸ ਟੀਚੇ ਦਾ ਪਿੱਛਾ ਕਰਦਿਆਂ ਹੈਦਰਾਬਾਦ ਦੀ ਟੀਮ ਸਿਰਫ਼ 149 ਦੋੜਾਂ ਹੀ ਬਣਾ ਸਕੀ ਅਤੇ ਮੈਚ ਹਾਰ ਗਈ। ਟੀਮ ਵਾਸਤੇ ਸਭ ਤੋਂ ਜ਼ਿਆਦਾ 57 ਦੌੜਾਂ ਐਡਮ ਮਾਰਕ੍ਰਮ ਨੇ ਬਣਾਈਆਂ। ਰਾਜਸਥਾਨ ਰਾਇਲਜ਼ ਤਰਫੋਂ ਯੁਜਵਿੰਦਰ ਚਾਹਲ ਨੇ ਤਿੰਨ ਖਿਡਾਰੀ ਆਊਟ ਕੀਤੇ। -ਪੀਟੀਆਈ