ਪੋਟਸ਼ੈਫਸਟਰੂਮ: ਭਾਰਤੀ ਮਹਿਲਾ ਹਾਕੀ ਟੀਮ ਨੇ ਇਥੇ ਐੱਫਆਈਐੱਚ ਜੂਨੀਅਰ ਵਿਸ਼ਵ ਕੱਪ ‘ਚ ਐਤਵਾਰ ਨੂੰ ਤਾਕਤਵਰ ਜਰਮਨੀ ਦੀ ਟੀਮ ਨੂੰ 2-1 ਗੋਲਾਂ ਨਾਲ ਹਰਾ ਕੇ ਪੂਲ ‘ਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਜੂਨੀਅਰ ਮਹਿਲਾ ਹਾਕੀ ਟੀਮ ਨੇ ਇਸ ਜਿੱਤ ਨਾਲ ਕੁਆਰਟਰ ਫਾਈਨਲ ‘ਚ ਆਪਣੀ ਥਾਂ ਪੱਕੀ ਕਰ ਲਈ ਹੈ। ਪੂਲ ਡੀ ਦੇ ਪਹਿਲੇ ਮੈਚ ‘ਚ ਭਾਰਤੀ ਲੜਕੀਆਂ ਨੇ ਵੇਲਜ਼ ਨੂੰ 5-1 ਗੋਲਾਂ ਨਾਲ ਹਰਾਇਆ ਸੀ। ਜਰਮਨੀ ਖ਼ਿਲਾਫ਼ ਦੋਵੇਂ ਗੋਲ ਪੈਨਲਟੀ ਕਾਰਨਰਾਂ ‘ਤੇ ਹੋਏ। ਪਹਿਲਾ ਗੋਲ ਦੂਜੇ ਮਿੰਟ ‘ਚ ਲਾਲਰੇਮਸਿਆਮੀ ਅਤੇ 25ਵੇਂ ਮਿੰਟ ‘ਚ ਮੁਮਤਾਜ਼ ਖ਼ਾਨ ਨੇ ਕੀਤਾ। ਜਰਮਨੀ ਵੱਲੋਂ ਇਕਲੌਤਾ ਗੋਲ 57ਵੇਂ ਮਿੰਟ ‘ਚ ਜੁਲੇ ਬਲਿਊਏਲ ਨੇ ਕੀਤਾ। ਪੂਲ ‘ਚ ਭਾਰਤ ਦਾ ਆਖਰੀ ਮੁਕਾਬਲਾ 5 ਅਪਰੈਲ ਨੂੰ ਮਲੇਸ਼ੀਆ ਨਾਲ ਹੋਵੇਗਾ। ਪੂਲ ਡੀ ‘ਚ ਦੋ ਜਿੱਤਾਂ ਨਾਲ ਭਾਰਤ ਪਹਿਲੇ ਸਥਾਨ ‘ਤੇ ਹੈ। -ਪੀਟੀਆਈ