ਨਵੀਂ ਦਿੱਲੀ, 15 ਅਪਰੈਲ
ਸਾਇਨਾ ਨੇਹਵਾਲ ਵੱਲੋਂ ਰਾਸ਼ਟਰਮੰਡਲ ਖੇਡਾਂ ਅਤੇ ਏਸ਼ਿਆਈ ਖੇਡਾਂ ਲਈ ਚੋਣ ਟਰਾਇਲਾਂ ਵਿਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਗਿਆ ਹੈ। ਇਹ ਫੈਸਲਾ ਕੌਮਾਂਤਰੀ ਬੈਡਮਿੰਟਨ ਵਿੱਚ ਉਸ ਦੇ ਡੇਢ ਦਹਾਕੇ ਤੋਂ ਵੱਧ ਸਮੇਂ ਦੇ ਸ਼ਾਨਦਾਰ ਸਫ਼ਰ ਦੇ ਅੰਤ ਦੀ ਸ਼ੁਰੂਆਤ ਹੋ ਸਕਦਾ ਹੈ। ਸਾਬਕਾ ਵਿਸ਼ਵ ਨੰਬਰ ਇਕ ਖਿਡਾਰਨ ਸਾਇਨਾ ਕੌਮਾਂਤਰੀ ਖੇਤਰ ਵਿੱਚ ਮਹਿਲਾ ਬੈਡਮਿੰਟਨ ਦੀ ਮਸ਼ਾਲ ਧਾਰੀ ਰਹੀ ਹੈ ਜਿਸ ਨੇ ਗਲਾਸਗੋ (2018), ਨਵੀਂ ਦਿੱਲੀ (2010) ਅਤੇ ਮੈਲਬੌਰਨ (2006) ਰਾਸ਼ਟਰਮੰਡਲ ਖੇਡਾਂ ਵਿੱਚ ਤਿੰਨ ਵਾਰ ਦੇਸ਼ ਦੀ ਨੁਮਾਇੰਦਗੀ ਕੀਤੀ ਹੈ। ਹਾਲਾਂਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਹੈ ਕਿ ਹਿਸਾਰ ਵਿੱਚ ਜਨਮੀ ਸ਼ਟਲਰ ਹਾਲੇ ਵੀ ਪੇਸ਼ੇਵਰ ਖੇਡ ਵਿੱਚ ਆਪਣੇ ਪ੍ਰਦਰਸ਼ਨਾਂ ਦਾ ਜਾਦੂ ਚਲਾ ਸਕਦੀ ਸੀ ਪਰ ਟਰਾਇਲਾਂ ਵਿੱਚ ਸ਼ਾਮਲ ਨਾ ਹੋਣਾ ਇਨ੍ਹਾਂ ਸੰਭਾਵਨਾਵਾਂ ਨੂੰ ਖਤਮ ਕਰਦਾ ਹੈ। ਇਸ ਤੋਂ ਪਹਿਲਾਂ ਸਾਇਨਾ ਨੇ ਟਵਿੱਟਰ ‘ਤੇ ਭਾਰਤੀ ਬੈਡਮਿੰਟਨ ਐਸੋਸੀਏਸ਼ਨ ਖ਼ਿਲਾਫ਼ ਭੜਾਸ ਕੱਢੀ ਸੀ। ਇੱਕ ਸਾਬਕਾ ਕੋਚ ਨੇ ਦੱਸਿਆ ਕਿ ਸਾਇਨਾ ਨੇ ਪਿਛਲੇ ਦੋ ਸਾਲਾਂ ਵਿੱਚ ਕੁਝ ਵੀ ਜ਼ਿਕਰਯੋਗ ਨਹੀਂ ਕੀਤਾ। ਉਹ ਇਸ ਸਮੇਂ ਦੌਰਾਨ ਆਪਣੀ ਸੱਟ ਤੋਂ ਹੀ ਨਹੀਂ ਉਭਰ ਸਕੀ।