ਨਵੀਂ ਦਿੱਲੀ: ਹਰਸ਼ਦਾ ਸ਼ਰਦ ਗਰੁੜ ਅੱਜ ਯੂਨਾਨ ਵਿਚ ਆਈਡਬਲਿਊਐਫ ਜੂਨੀਅਰ ਵਿਸ਼ਵ ਚੈਪੀਂਅਨਸ਼ਿਪ ‘ਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਵੇਟਲਿਫਟਰ ਬਣ ਗਈ ਹੈ। ਹਰਸ਼ਦਾ ਨੇ ਮਹਿਲਾ 45 ਕਿਲੋਗ੍ਰਾਮ ਵਿਚ ਕੁੱਲ 153 ਕਿਲੋਗ੍ਰਾਮ ਵਜ਼ਨ ਉਠਾਇਆ ਤੇ ਸੋਨ ਤਗਮਾ ਜਿੱਤਿਆ। ਇਸ ਮੁਕਾਬਲੇ ਵਿਚ ਭਾਰਤ ਨੇ ਪਹਿਲੇ ਹੀ ਦਿਨ ਤਗਮਾ ਸੂਚੀ ਵਿਚ ਨਾਂ ਦਰਜ ਕਰਾਇਆ ਹੈ। ਹਰਸ਼ਦਾ ਨੇ ਸਨੈਚ ਵਿਚ 70 ਕਿਲੋਗ੍ਰਾਮ ਦੇ ਯਤਨ ਨਾਲ ਸੋਨ ਤਗਮਾ ਜਿੱਤਿਆ ਜਦਕਿ ਕਲੀਨ ਤੇ ਜਰਕ ਵਿਚ ਉਹ ਤੁਰਕੀ ਦੀ ਅਥਲੀਟ ਤੋਂ ਪਿੱਛੇ ਰਹਿ ਗਈ। ਇਹ ਵਰਗ ਓਲੰਪਿਕ ਖੇਡਾਂ ਦਾ ਹਿੱਸਾ ਨਹੀਂ ਹੈ। ਇਸੇ ਵਰਗ ਵਿਚ ਹਿੱਸਾ ਲੈ ਰਹੀ ਭਾਰਤ ਦੀ ਇਕ ਹੋਰ ਅਥਲੀਟ ਅੰਜਲੀ ਪਟੇਲ ਨੇ ਕੁੱਲ 148 ਕਿਲੋਗ੍ਰਾਮ ਵਜ਼ਨ ਚੁੱਕ ਕੇ ਪੰਜਵਾਂ ਸਥਾਨ ਹਾਸਲ ਕੀਤਾ। ਦੱਸਣਯੋਗ ਹੈ ਕਿ ਓਲੰਪਿਕ ਵਿਚ ਸਿਰਫ਼ ਕੁੱਲ ਵਜ਼ਨ ਵਰਗ ਵਿਚ ਹੀ ਤਗਮਾ ਦਿੱਤਾ ਜਾਂਦਾ ਹੈ। -ਪੀਟੀਆਈ