ਮੈਡਰਿਡ: ਰਾਫੇਲ ਨਡਾਲ ਤੇ ਨੋਵਾਕ ਜੋਕੋਵਿਚ ਨੇ ਯੂਕਰੇਨ ਉਤੇ ਰੂਸ ਦੇ ਹਮਲੇ ਕਾਰਨ ਇਸ ਸਾਲ ਵਿੰਬਲਡਨ ਟੈਨਿਸ ਟੂਰਨਾਮੈਂਟ ਵਿਚ ਰੂਸ ਤੇ ਬੇਲਾਰੂਸ ਦੇ ਖਿਡਾਰੀਆਂ ਨੂੰ ਖੇਡਣ ਤੋਂ ਰੋਕਣ ਦੇ ਫ਼ੈਸਲੇ ਦੀ ਆਲੋਚਨਾ ਕੀਤੀ ਹੈ। ਟੈਨਿਸ ਦੇ ਇਨ੍ਹਾਂ ਦੋਵਾਂ ਮੋਹਰੀ ਖਿਡਾਰੀਆਂ ਨੇ ਐਤਵਾਰ ਕਿਹਾ ਕਿ ਵਿੰਬਲਡਨ ਨੇ ਗਲਤ ਫ਼ੈਸਲਾ ਲਿਆ ਹੈ। ਨਡਾਲ ਤੇ ਜੋਕੋਵਿਚ- ਦੋਵੇਂ ਮੈਡਰਿਡ ਓਪਨ ਖੇਡਣ ਦੀਆਂ ਤਿਆਰੀਆਂ ਕਰ ਰਹੇ ਹਨ। ਰਿਕਾਰਡ 21 ਵਾਰ ਦੇ ਗਰੈਂਡ ਸਲੈਮ ਜੇਤੂ ਨਡਾਲ ਨੇ ਕਿਹਾ ਕਿ ਉਹ ਸੋਚਦੇ ਹਨ ਕਿ ਉਨ੍ਹਾਂ ਦੇ ਨਾਲ ਦੇ ਰੂਸੀ ਖਿਡਾਰੀਆਂ ਨਾਲ ਠੀਕ ਨਹੀਂ ਹੋ ਰਿਹਾ ਹੈ। ਜੰਗ ਵਿਚ ਹੁਣ ਜੋ ਵੀ ਹੋ ਰਿਹਾ ਹੈ, ਇਹ ਉਨ੍ਹਾਂ ਦੀ ਗਲਤੀ ਨਹੀਂ ਹੈ। ਏਟੀਪੀ ਤੇ ਡਬਲਿਊਟੀਏ ਟੈਨਿਸ ਟੂਰ ਨੇ ਵੀ ਆਲ ਇੰਗਲੈਂਡ ਕਲੱਬ ਦੇ ਫ਼ੈਸਲੇ ਦੀ ਆਲੋਚਨਾ ਕੀਤੀ ਹੈ। ਵਿੰਬਲਡਨ 27 ਜੂਨ ਤੋਂ ਸ਼ੁਰੂ ਹੋ ਰਿਹਾ ਹੈ। -ਪੀਟੀਆਈ