ਚੰਡੀਗੜ੍ਹ: ਅਦਾਕਾਰ ਰਿਤਿਕ ਰੌਸ਼ਨ ਅਤੇ ਉਸ ਦੀ ਸਾਬਕਾ ਪਤਨੀ ਸੂਜ਼ੇਨ ਖਾਨ ਨੇ ਆਪਣੇ ਬੇਟੇ ਰਿਦਾਨ ਦਾ 14ਵਾਂ ਜਨਮ ਦਿਨ ਮਨਾਇਆ। ਸੁੂਜ਼ੇਨ ਨੇ ਇਸ ਸਬੰਧੀ ਇੰਸਟਾਗ੍ਰਾਮ ‘ਤੇ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਰਿਤਿਕ, ਸੂਜ਼ਨ, ਉਨ੍ਹਾਂ ਦਾ ਵੱਡਾ ਪੁੱਤਰ ਰਿਹਾਨ ਅਤੇ ਛੋਟਾ ਪੁੱਤਰ ਰਿਦਾਨ ਇਕੱਠੇ ਖੜ੍ਹੇ ਹਨ। ਤਸਵੀਰ ਹੇਠਾਂ ਸੁੂਜ਼ੇਨ ਨੇ ਲਿਖਿਆ, ”14ਵੇਂ ਜਨਮਦਿਨ ਦੀਆਂ ਮੁਬਾਰਕਾਂ ਪੁੱਤਰ। ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ।”
ਤਸਵੀਰ ‘ਤੇ ਟਿੱਪਣੀ ਕਰਦਿਆਂ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਪ੍ਰਸ਼ੰਸਕਾਂ ਨੇ ਪੂਰੇ ਪਰਿਵਾਰ ਨੂੰ ਵਧਾਈ ਦਿੱਤੀ। ਅਰਸਲਾਨ ਗੋਨੀ, ਜਿਸ ਬਾਰੇ ਅਫ਼ਵਾਹ ਹੈ ਕਿ ਉਹ ਸੂਜ਼ੇਨ ਦਾ ਬੁਆਏਫ੍ਰੈਂਡ ਹੈ, ਨੇ ਕਿਹਾ, ”ਹੈਪੀ, ਹੈਪੀ ਰਿਡਜ਼।” ਇਸੇ ਤਰ੍ਹਾਂ ਅਦਾਕਾਰਾ ਪ੍ਰੀਤੀ ਜ਼ਿੰਟਾ, ਭਾਵਨਾ ਪਾਂਡੇ, ਮਹੀਪ ਕਪੂਰ, ਫਰਾਹ ਖਾਨ ਸਮੇਤ ਹੋਰ ਬੌਲੀਵੁੱਡ ਹਸਤੀਆਂ ਨੇ ਵੀ ਪਰਿਵਾਰ ਨੂੰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ 2000 ਵਿੱਚ ਰਿਤਿਕ ਅਤੇ ਸੂਜ਼ਨ ਦਾ ਵਿਆਹ ਹੋਇਆ ਸੀ ਅਤੇ 2014 ਵਿੱਚ ਦੋਵਾਂ ਨੇ ਤਲਾਕ ਲੈ ਲਿਆ ਸੀ।
ਫਿਲਮਾਂ ਦੀ ਗੱਲ ਕਰੀਏ ਤਾਂ ਰਿਤਿਕ ਰੌਸ਼ਨ ਤਾਮਿਲ ਫਿਲਮ ‘ਵਿਕਰਮ ਵੇਧਾ’ ਦੇ ਹਿੰਦੀ ਰੀਮੇਕ ਲਈ ਸ਼ੂਟਿੰਗ ਕਰ ਰਿਹਾ ਹੈ। ਇਸ ਵਿੱਚ ਰਿਤਿਕ ਨਾਲ ਸੈਫ ਅਲੀ ਖਾਨ, ਰਾਧਿਕਾ ਆਪਟੇ, ਰੋਹਿਤ ਸਾਰਾਫੰਦ ਤੇ ਯੋਗਿਤਾ ਬਿਹਾਨੀ ਵੀ ਨਜ਼ਰ ਆਉਣਗੇ। ਜ਼ਿਕਰਯੋਗ ਹੈ ਕਿ ਇਹ ਫਿਲਮ 30 ਸਤੰਬਰ ਨੂੰ ਰਿਲੀਜ਼ ਹੋਵੇਗੀ। -ਟ੍ਰਿਬਿਊਨ ਵੈੱਬ ਡੈਸਕ