ਪੈਰਿਸ, 5 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਦੇਸ਼ਾਂ ਦੇ ਯੂਰਪੀ ਦੌਰੇ ਦੀ ਸਮਾਪਤੀ ਤੋਂ ਬਾਅਦ ਅੱਜ ਦੇਸ਼ ਪਰਤ ਆਏ। ਉਨ੍ਹਾਂ ਜਰਮਨੀ, ਡੈਨਮਾਰਕ ਤੇ ਫਰਾਂਸ ਦੇ ਦੌਰੇ ਦੌਰਾਨ ਵਪਾਰ, ਊਰਜਾ ਅਤੇ ਹਰੀ ਤਕਨਾਲੋਜੀ ਸਮੇਤ ਕਈ ਖੇਤਰਾਂ ਵਿੱਚ ਸਬੰਧਾਂ ਨੂੰ ਹੁਲਾਰਾ ਦੇਣ ਲਈ ਕਈ ਦੁਵੱਲੀਆਂ ਮੀਟਿੰਗਾਂ ਕੀਤੀਆਂ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਨੇ ਰੂਸ ਦੇ ਯੂਕਰੇਨ ‘ਤੇ ਹਮਲੇ, ਹਿੰਦ-ਪ੍ਰਸ਼ਾਂਤ ਖੇਤਰ ਦੀ ਸਥਿਤੀ ਅਤੇ ਅਤਿਵਾਦ ਵਰਗੇ ਦੁਵੱਲੇ ਅਤੇ ਕੌਮਾਂਤਰੀ ਮੁੱਦਿਆਂ ‘ਤੇ ਡੂੰਘਾਈ ਨਾਲ ਚਰਚਾ ਕੀਤੀ। ਭਾਰਤ-ਫਰਾਂਸੀਸੀ ਰਣਨੀਤਕ ਭਾਈਵਾਲੀ ਲਈ ਏਜੰਡਾ ਤਿਆਰ ਕਰਨ ਲਈ ਸਹਿਮਤ ਹੋਏ। ਪ੍ਰਧਾਨ ਮੰਤਰੀ ਮੋਦੀ ਆਪਣੇ ਤਿੰਨ ਦੇਸ਼ਾਂ ਦੇ ਯੂਰਪ ਦੌਰੇ ਦੇ ਆਖਰੀ ਪੜਾਅ ‘ਤੇ ਡੈਨਮਾਰਕ ਤੋਂ ਪੈਰਿਸ ਪਹੁੰਚੇ। ਬੁੱਧਵਾਰ ਰਾਤ ਉਨ੍ਹਾਂ ਮੈਕਰੌਂ ਨਾਲ ਨਿੱਜੀ ਅਤੇ ਪ੍ਰਤੀਨਿਧੀ ਪੱਧਰ ‘ਤੇ ਡੂੰਘੀ ਗੱਲਬਾਤ ਕੀਤੀ।