ਨਵੀਂ ਦਿੱਲੀ, 5 ਮਈ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਕਿ ਦਿੱਲੀ ਸਰਕਾਰ ਪਹਿਲੀ ਅਕਤੂਬਰ ਤੋਂ ਉਨ੍ਹਾਂ ਖਪਤਕਾਰਾਂ ਨੂੰ ਹੀ ਬਿਜਲੀ ਸਬਸਿਡੀ ਦੇਵੇਗੀ, ਜਿਨ੍ਹਾਂ ਨੇ ਇਸ ਸਕੀਮ ਦੀ ਆਪਸ਼ਨ ਚੁਣੀ ਹੋਵੇਗੀ। ਮੌਜੂਦਾ ਸਮੇਂ ਦਿੱਲੀ ਦੇ ਖਪਤਕਾਰਾਂ ਨੂੰ 200 ਯੂਨਿਟ ਤੱਕ ਕੋਈ ਬਿੱਲ ਨਹੀਂ ਭਰਨਾ ਪੈ ਰਿਹਾ, ਜਦਕਿ ਪ੍ਰਤੀ ਮਹੀਨਾ 201 ਤੋਂ 400 ਯੂਨਿਟ ਬਿਜਲੀ ਖਪਤ ‘ਤੇ ਉਨ੍ਹਾਂ ਨੂੰ 800 ਰੁਪਏ ਸਬਸਿਡੀ ਮਿਲਦੀ ਹੈ। ਕੇਜਰੀਵਾਲ ਨੇ ਆਨਲਾਈਨ ਸੰਬੋਧਨ ਦੌਰਾਨ ਕਿਹਾ, ”ਦਿੱਲੀ ਸਰਕਾਰ ਹੁਣ ਲੋਕਾਂ ਨੂੰ ਪੁੱਛੇਗੀ ਕਿ ਕੀ ਉਹ ਬਿਜਲੀ ‘ਤੇ ਸਬਸਿਡੀ ਦਾ ਲਾਭ ਲੈਣਾ ਚਾਹੁੰਦੇ ਹਨ। ਇੱਕ ਅਕਤੂਬਰ ਤੋਂ ਸਿਰਫ ਉਨ੍ਹਾਂ ਖਪਤਕਾਰਾਂ ਨੂੰ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ, ਜਿਹੜੇ ਇਸ ਆਪਸ਼ਨ ਦੀ ਚੋਣ ਕਰਨਗੇ।” -ਏਜੰਸੀ