ਨਵੀਂ ਦਿੱਲੀ, 5 ਮਈ
ਜੰਮੂ ਅਤੇ ਕਸ਼ਮੀਰ ਹੱਦਬੰਦੀ ਕਮਿਸ਼ਨ ਨੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਵਿਧਾਨ ਸਭਾ ਸੀਟਾਂ ਮੁੜ ਤੈਅ ਕਰਨ ਬਾਰੇ ਆਪਣੇ ਅੰਤਮ ਆਦੇਸ਼ ‘ਤੇ ਹਸਤਾਖਰ ਕਰ ਦਿੱਤੇ ਹਨ। ਜਸਟਿਸ (ਸੇਵਾਮੁਕਤ) ਰੰਜਨਾ ਦੇਸਾਈ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਹੱਦਬੰਦੀ ਕਮਿਸ਼ਨ ਨੇ ਆਪਣੇ ਕਾਰਜਕਾਲ ਦੀ ਸਮਾਪਤੀ ਤੋਂ ਇਕ ਦਿਨ ਪਹਿਲਾਂ ਦਸਤਖ਼ਤ ਕੀਤੇ ਹਨ। ਇਸ ਹੁਕਮ ਦੀ ਕਾਪੀ, ਹਲਕਿਆਂ ਦੀ ਗਿਣਤੀ ਅਤੇ ਉਨ੍ਹਾਂ ਦੇ ਆਕਾਰ ਦੇ ਵੇਰਵਿਆਂ ਵਾਲੀ ਰਿਪੋਰਟ ਸਰਕਾਰ ਨੂੰ ਸੌਂਪੀ ਜਾਵੇਗੀ, ਜਿਸ ਤੋਂ ਬਾਅਦ ਇਹ ਹੁਕਮ ਗਜ਼ਟ ਨੋਟੀਫਿਕੇਸ਼ਨ ਰਾਹੀਂ ਜਾਰੀ ਕੀਤਾ ਜਾਵੇਗਾ। ਕਮਿਸ਼ਨ ਨੇ ਯੂਟੀ ਵਿੱਚ ਸੀਟਾਂ ਦੀ ਗਿਣਤੀ 83 ਤੋਂ ਵਧਾ ਕੇ 90 ਕਰਨ ਦਾ ਪ੍ਰਸਤਾਵ ਕੀਤਾ ਹੈ। ਇਸ ਤੋਂ ਇਲਾਵਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ 24 ਸੀਟਾਂ ਹਨ, ਜੋ ਅਜੇ ਵੀ ਖਾਲੀ ਹਨ। ਪਹਿਲੀ ਵਾਰ ਅਨੁਸੂਚਿਤ ਕਬੀਲਿਆਂ ਲਈ ਨੌਂ ਸੀਟਾਂ ਦਾ ਪ੍ਰਸਤਾਵ ਕੀਤਾ ਗਿਆ ਹੈ। ਪੈਨਲ ਨੇ ਜੰਮੂ ਲਈ ਛੇ ਅਤੇ ਕਸ਼ਮੀਰ ਲਈ ਇੱਕ ਵਾਧੂ ਸੀਟਾਂ ਦਾ ਪ੍ਰਸਤਾਵ ਵੀ ਰੱਖਿਆ ਹੈ। ਹੁਣ ਤੱਕ ਕਸ਼ਮੀਰ ਡਿਵੀਜ਼ਨ ਵਿੱਚ 46 ਅਤੇ ਜੰਮੂ ਡਿਵੀਜ਼ਨ ਵਿੱਚ 37 ਸੀਟਾਂ ਹਨ।