ਬੈਂਕਾਕ: ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਅੱਜ ਇੱਥੇ ਕੈਨੇਡਾ ਨੂੰ ਗਰੁੱਪ ਮੁਕਾਬਲੇ ਵਿੱਚ 5-0 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਅਤੇ ਥੌਮਸ ਕੱਪ ਦੇ ਨਾਕਆਊਟ ਗੇੜ ਲਈ ਕੁਆਲੀਫਾਈ ਕੀਤਾ। ਭਾਰਤ ਨੇ ਪਹਿਲੇ ਮੈਚ ਵਿੱਚ ਜਰਮਨੀ ਨੂੰ 5-0 ਨਾਲ ਹਰਾਇਆ ਸੀ, ਜਿਸ ਕਾਰਨ ਉਸ ਦਾ ਗਰੁੱਪ-ਸੀ ਵਿੱਚ ਸਿਖਰਲੀਆਂ ਦੋ ਟੀਮਾਂ ਵਿੱਚ ਰਹਿਣਾ ਤੈਅ ਹੈ। ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਕਿਦਾਂਬੀ ਸ੍ਰੀਕਾਂਤ ਨੇ ਬਰਾਇਨ ਯੈਂਗ ਨੂੰ 52 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 20-22, 21-11, 21-15 ਨਾਲ ਹਰਾਇਆ। ਫਿਰ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਡਬਲਜ਼ ਵਿੱਚ ਜੈਸਨ ਐਂਥਨੀ ਤੇ ਕੇਵਿਨ ਲੀ ਨੂੰ ਸਿਰਫ਼ 29 ਮਿੰਟਾਂ ਵਿੱਚ ਸ਼ਿਕਸਤ ਦਿੱਤੀ। ਸਿੰਗਲਜ਼ ਵਿੱਚ ਐੱਚਐੱਸ ਪ੍ਰਣਯ ਨੇ ਬੀਆਰ ਸੰਕੀਰਤ ਨੂੰ 21-15, 21-12 ਨਾਲ ਹਰਾ ਕੇ ਭਾਰਤ ਨੂੰ 3-0 ਦੀ ਲੀਡ ਦਿਵਾਈ। ਕ੍ਰਿਸ਼ਨ ਪ੍ਰਸਾਦ ਗਰਗ ਅਤੇ ਵਿਸ਼ਨੂੰਵਰਧਨ ਗੌੜ ਪੰਜਾਲਾ ਦੀ ਭਾਰਤੀ ਜੋੜੀ ਨੇ ਡੌਂਗ ਐਡਮ ਅਤੇ ਨਾਈਲ ਯਾਕੁਰਾ ਨੂੰ 21-15, 21-11 ਨਾਲ ਸ਼ਿਕਸਤ ਦਿੱਤੀ। ਇੱਕ ਹੋਰ ਸਿੰਗਲਜ਼ ਵਿੱਚ ਪ੍ਰਿਯਾਂਸ਼ੂ ਰਜਾਵਤ ਨੇ ਵਿਕਟਰ ਲਾਲ ਨੂੰ 21-13, 20-22, 21-14 ਨਾਲ ਹਰਾ ਕੇ ਭਾਰਤ ਦੀ 5-0 ਨਾਲ ਜਿੱਤ ਯਕੀਨੀ ਬਣਾਈ। ਦੱਸਣਯੋਗ ਹੈ ਕਿ ਭਾਰਤੀ ਟੀਮ ਟੂਰਨਾਮੈਂਟ ਵਿੱਚ ਆਪਣੇ ਪਹਿਲੇ ਤਗ਼ਮੇ ਦੀ ਤਲਾਸ਼ ਵਿੱਚ ਹੈ। ਭਾਰਤੀ ਟੀਮ ਕਦੇ ਵੀ ਥੌਮਸ ਕੱਪ ਦੇ ਸੈਮੀਫਾਈਨਲ ਤੱਕ ਨਹੀਂ ਪਹੁੰਚ ਸਕੀ। -ਪੀਟੀਆਈ