ਜ਼ਾਪੋਰੀਜ਼ਜ਼ੀਆ, 11 ਮਈ
ਯੂਕਰੇਨ ਨੇ ਯੂਰੋਪੀਅਨ ਮੁਲਕਾਂ ‘ਚ ਜਾਣ ਵਾਲੀ ਰੂਸੀ ਕੁਦਰਤੀ ਗੈਸ ਸਪਲਾਈ ਨੂੰ ਰੋਕ ਦਿੱਤਾ ਹੈ। ਉਧਰ ਕੀਵ ਦੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਅਹਿਮ ਉੱਤਰ-ਪੂਰਬੀ ਸ਼ਹਿਰ ਨੇੜੇ ਜੰਗ ‘ਚ ਸਫ਼ਲਤਾ ਹਾਸਲ ਕੀਤੀ ਹੈ। ਪਿਛਲੇ 11 ਹਫ਼ਤਿਆਂ ਤੋਂ ਯੂਕਰੇਨੀ ਸ਼ਹਿਰ ਜੰਗ ਦਾ ਮੈਦਾਨ ਬਣੇ ਹੋਏ ਹਨ ਪਰ ਊਰਜਾ ਅਤੇ ਵਿੱਤੀ ਮੰਡੀਆਂ ‘ਤੇ ਵੀ ਜੰਗ ਦਾ ਅਸਰ ਪਿਆ ਹੈ। ਯੂਕਰੇਨ ਦੇ ਪੱਛਮੀ ਭਾਈਵਾਲਾਂ ਨੇ ਰੂਸ ‘ਤੇ ਪਾਬੰਦੀਆਂ ਲਗਾ ਕੇ ਉਸ ਨੂੰ ਜੰਗ ‘ਚ ਲੋੜੀਂਦੀ ਵਿੱਤੀ ਸਹਾਇਤਾ ਤੋਂ ਵਾਂਝੇ ਕਰ ਦਿੱਤਾ ਹੈ। ਗੈਸ ਸਪਲਾਈ ਕੱਟਣ ਕਾਰਨ ਯੂਰੋਪੀਅਨ ਮੁਲਕਾਂ ‘ਤੇ ਪੈਣ ਵਾਲੇ ਅਸਰ ਦਾ ਹਾਲੇ ਫੌਰੀ ਪਤਾ ਨਹੀਂ ਲੱਗਿਆ ਹੈ ਪਰ ਯੂਕਰੇਨੀ ਪਾਈਪਲਾਈਨ ਅਪਰੇਟਰ ਨੇ ਕਿਹਾ ਕਿ ਉਹ ਦੂਜੇ ਕੇਂਦਰ ‘ਤੇ ਸਪਲਾਈ ਦੇਣਗੇ। ਰੂਸ ਦੀ ਸਰਕਾਰੀ ਮਾਲਕੀ ਵਾਲੀ ਕੰਪਨੀ ਗਜ਼ਪ੍ਰੋਮ ਨੇ ਸੰਕੇਤ ਦਿੱਤੇ ਕਿ ਗੈਸ ਸਪਲਾਈ ਰੁਕਣ ਦਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਯੂਕਰੇਨ ਰਾਹੀਂ ਯੂਰੋਪ ਨੂੰ 7.2 ਕਰੋੜ ਕਿਊਬਿਕ ਮੀਟਰ ਗੈਸ ਸਪਲਾਈ ਭੇਜੀ ਜਾ ਰਹੀ ਸੀ ਜੋ ਇਕ ਦਿਨ ਪਹਿਲਾਂ 25 ਫ਼ੀਸਦੀ ਤੋਂ ਘੱਟ ਹੈ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਰੂਸ ‘ਤੇ ਇਸ ਦਾ ਕੋਈ ਫ਼ੌਰੀ ਅਸਰ ਪਏਗਾ ਜਾਂ ਨਹੀਂ ਕਿਉਂਕਿ ਉਸ ਨੇ ਲੰਬੇ ਸਮੇਂ ਦੇ ਸਮਝੌਤੇ ਕੀਤੇ ਹੋਏ ਹਨ।
ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਉਨ੍ਹਾਂ ਦੇ ਜਵਾਨਾਂ ਨੇ ਰੂਸੀ ਫ਼ੌਜ ਨੂੰ ਖਾਰਕੀਵ ਨੇੜਲੇ ਚਾਰ ਪਿੰਡਾਂ ‘ਚੋਂ ਧੱਕ ਦਿੱਤਾ ਹੈ। ਜ਼ੇਲੈਂਸਕੀ ਨੇ ਦਾਅਵਾ ਕੀਤਾ ਕਿ ਰੂਸੀ ਫ਼ੌਜ ਖਾਰਕੀਵ ਤੋਂ ਪਿੱਛੇ ਹਟ ਰਹੀ ਹੈ। ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਕਿਹਾ ਕਿ ਯੂਕਰੇਨ 11 ਹਫ਼ਤੇ ਪਹਿਲਾਂ ਵਾਲੇ ਇਲਾਕੇ ਆਪਣੇ ਕਬਜ਼ੇ ‘ਚ ਲੈ ਸਕਦਾ ਹੈ। ਬ੍ਰਿਟਿਸ਼ ਰੱਖਿਆ ਮੰਤਰਾਲੇ ਨੇ ਕਿਹਾ ਕਿ ਯੂਕਰੇਨ ਵੱਲੋਂ ਕਾਲਾ ਸਾਗਰ ‘ਚ ਸਨੇਕ ਟਾਪੂ ‘ਤੇ ਰੂਸੀ ਫ਼ੌਜਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜੇਕਰ ਰੂਸ ਇਸ ਟਾਪੂ ‘ਤੇ ਆਪਣਾ ਕਬਜ਼ਾ ਕਰ ਲੈਂਦਾ ਹੈ ਤਾਂ ਉਸ ਦਾ ਉੱਤਰ-ਪੱਛਮੀ ਕਾਲਾ ਸਾਗਰ ‘ਚ ਦਬਦਬਾ ਹੋਰ ਵਧ ਜਾਵੇਗਾ। ਮਾਰੀਓਪੋਲ ਦੇ ਸਟੀਲ ਪਲਾਂਟ ‘ਚ ਬੈਠੇ ਯੂਕਰੇਨੀ ਫ਼ੌਜੀਆਂ ਕਾਰਨ ਰੂਸ ਦਾ ਸ਼ਹਿਰ ‘ਤੇ ਪੂਰਾ ਕਬਜ਼ਾ ਨਹੀਂ ਹੋ ਸਕਿਆ ਹੈ। ਰੈਜੀਮੈਂਟ ਨੇ ਕਿਹਾ ਕਿ ਰੂਸੀ ਜੰਗੀ ਜਹਾਜ਼ਾਂ ਨੇ ਪਿਛਲੇ 24 ਘੰਟਿਆਂ ‘ਚ 34 ਵਾਰ ਬੰਬਾਰੀ ਕੀਤੀ। ਸੰਯੁਕਤ ਰਾਸ਼ਟਰ ਅਤੇ ਰੈੱਡਕ੍ਰਾਸ ਦੇ ਦੋ ਅਧਿਕਾਰੀਆਂ ਮੁਤਾਬਕ ਪਲਾਂਟ ‘ਚ ਕਰੀਬ 110 ਵਿਅਕਤੀ ਅਜੇ ਵੀ ਫਸੇ ਹੋਏ ਹਨ। ਦੋਨੇਤਸਕ ਦੇ ਖੇਤਰੀ ਗਵਰਨਰ ਪਾਵਲੋ ਕਿਰਿਲੇਂਕੋ ਨੇ ਕਿਹਾ ਕਿ ਰੂਸੀਆਂ ਨੇ ਇਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਨਹੀਂ ਚੁਣਿਆ। ਯੂਕਰੇਨ ਨੇ ਮੰਗਲਵਾਰ ਨੂੰ ਕਿਹਾ ਕਿ ਰੂਸੀ ਫ਼ੌਜ ਨੇ ਓਡੇਸਾ ‘ਚ ਸੱਤ ਮਿਜ਼ਾਈਲਾਂ ਦਾਗ਼ੀਆਂ ਜੋ ਇਕ ਸ਼ਾਪਿੰਗ ਸੈਂਟਰ ਅਤੇ ਵੇਅਰਹਾਊਸ ‘ਤੇ ਡਿੱਗੀਆਂ। ਇਸ ਹਮਲੇ ‘ਚ ਇਕ ਵਿਅਕਤੀ ਮਾਰਿਆ ਗਿਆ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ। -ਏਪੀ