ਰਾਂਚੀ, 11 ਮਈ
ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਖੁੰਟੀ ਵਿੱਚ ਮਨਰੇਗਾ ਫੰਡਾਂ ਦੇ ਕਥਿਤ ਘਪਲੇ ਤੇ ਹੋਰ ਦੋਸ਼ਾਂ ਨਾਲ ਸਬੰਧਤ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਇਕ ਮਾਮਲੇ ਵਿੱਚ ਲਗਾਤਾਰ ਦੋ ਦਿਨਾਂ ਤੱਕ ਪੁੱਛ-ਪੜਤਾਲ ਕਰਨ ਤੋਂ ਬਾਅਦ ਅੱਜ ਝਾਰਖੰਡ ਦੀ ਖਣਨ ਸਕੱਤਰ ਪੂਜਾ ਸਿੰਘਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਈਡੀ ਵੱਲੋਂ 2000 ਬੈਚ ਦੀ ਇਸ ਆਈਏਐੱਸ ਅਧਿਕਾਰੀ ਨੂੰ ਕਾਲੇ ਧਨ ਨੂੰ ਸਫ਼ੈਦ ਕਰਨ ਦੀ ਰੋਕਥਾਮ ਸਬੰਧੀ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਹਿਰਾਸਤ ਵਿੱਚ ਲਿਆ ਗਿਆ। ਸਿੰਘਲ ਸਵਾਲਾਂ ਦੇ ਜਵਾਬ ਦੇਣ ਤੋਂ ਟਾਲਾ ਵੱਟ ਰਹੀ ਸੀ, ਇਸ ਵਾਸਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਉਸ ਦਾ ਰਿਮਾਂਡ ਹਾਸਲ ਕਰਨ ਲਈ ਉਸ ਨੂੰ ਇਕ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਹ ਅਧਿਕਾਰੀ ਲਗਾਤਾਰ ਦੂਜੇ ਦਿਨ ਦੀ ਪੁੱਛ-ਪੜਤਾਲ ਲਈ ਅੱਜ ਸਵੇਰੇ ਕਰੀਬ 10.40 ਵਜੇ ਰਾਂਚੀ ਦੇ ਹਿਨੂ ਖੇਤਰ ਵਿੱਚ ਸਥਿਤ ਜਾਂਚ ਏਜੰਸੀ ਦੇ ਖੇਤਰੀ ਦਫ਼ਤਰ ਪਹੁੰਚੀ। ਮੰਗਲਵਾਰ ਨੂੰ ਵੀ ਉਸ ਕੋਲੋਂ ਕਰੀਬ ਨੌਂ ਘੰਟਿਆਂ ਤੱਕ ਪੁੱਛ-ਪੜਤਾਲ ਹੋਈ ਸੀ ਅਤੇ ਉਸ ਦੇ ਬਿਆਨ ਦਰਜ ਕੀਤੇ ਗਏ ਸਨ। -ਪੀਟੀਆਈ